ਦਵਿੰਦਰ ਪਾਲ
ਚੰਡੀਗੜ੍ਹ, 25 ਜੁਲਾਈ
ਡੇਰਾ ਮੁਖੀ ਨੂੰ ਪੁਸ਼ਾਕ ਦੇਣ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਇੱਕ ਪੈਰੋਕਾਰ ਨੂੰ ਭੇਜੇ ਕਾਨੂੰਨੀ ਨੋਟਿਸ ਦੇ ਜਵਾਬ ਵਿੱਚ ਉਕਤ ਪੈਰੋਕਾਰ ਨੇ ਡੇਰਾ ਮੁਖੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਤੇ ਪੈਗੰਬਰਾਂ ਨਾਲ ਕੀਤੀ ਹੈ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ’ਚ ਸਜ਼ਾ ਭੁਗਤ ਰਹੇ ਵਿਅਕਤੀ ਦੀ ਤੁਲਨਾ ਸਿੱਖ ਗੁਰੂਆਂ ਜਾਂ ਪੈਗੰਬਰਾਂ ਨਾਲ ਕਰਨੀ ਇੱਕ ਬੱਜਰ ਅਪਰਾਧ ਹੈ ਤੇ ਪਾਰਟੀ ਇਸ ਮਾਮਲੇ ਵਿੱਚ ਸੂਬੇ ਭਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰਵਾਏਗੀ। ਅਕਾਲੀ ਆਗੂ ਨੇ ਡੇਰੇ ਦੀ ਪੈਰੋਕਾਰ ਦੀ ਹਮਾਇਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਭਰ ਵਿੱਚ ਅਕਾਲੀ ਵਰਕਰ ਪੁਲੀਸ ਥਾਣਿਆਂ ’ਚ ਪਹੁੰਚ ਕੇ ਡੇਰੇ ਦੀ ਪੈਰੋਕਾਰ ਖ਼ਿਲਾਫ਼ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕਰਨਗੇ। ਉਨ੍ਹਾਂ ਆਖਿਆ ਕਿ ਡੇਰਾ ਪੈਰੋਕਾਰ ਸਾਜ਼ਿਸ਼ ਦਾ ਹਿੱਸਾ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਡੇਰਾ ਪੈਰੋਕਾਰ ਨੇ ਇੱਕ ਟੈਲੀਵਿਜ਼ਨ ਚੈਨਲ ’ਤੇ ਪ੍ਰੋਗਰਾਮ ਦੌਰਾਨ ਸੁਖਬੀਰ ਸਿੰਘ ਬਾਦਲ ਬਾਰੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਅਕਾਲੀ ਦਲ ਵੱਲੋਂ ਡੇਰਾ ਪੈਰੋਕਾਰ ਅਤੇ ਚੈਨਲ ਦੇ ਪ੍ਰਬੰਧਕਾਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਦੇ ਜਵਾਬ ਵਿੱਚ ਡੇਰਾ ਪੈਰੋਕਾਰ ਨੇ ਅਕਾਲੀ ਦਲ ਤੋਂ ਮੁਆਫ਼ੀ ਮੰਗ ਲਈ ਹੈ।
ਡੇਰਾ ਪੈਰੋਕਾਰ ਨੇ ਸਾਰੇ ਧਰਮਾਂ ਦਾ ਨਿਰਾਦਰ ਕੀਤਾ: ਦਲ ਖਾਲਸਾ
ਦਲ ਖਾਲਸਾ ਨੇ ਡੇਰਾ ਪੈਰੋਕਾਰ ਵੱਲੋਂ ਡੇਰਾ ਮੁਖੀ ਦੀ ਤੁਲਨਾ ਸਿੱਖ ਗੁਰੂਆਂ ਤੇ ਪੈਗੰਬਰਾਂ ਨਾਲ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਸਾਰੇ ਧਰਮਾਂ ਦਾ ਨਿਰਾਦਰ ਕਰਨ ਵਾਲੀ ਗੱਲ ਕਰਾਰ ਦਿੱਤਾ ਹੈ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਡੇਰਾ ਪੈਰੋਕਾਰ ਨੇ ਬਲਾਤਕਾਰ ਦੇ ਦੋਸ਼ ਹੇਠ ਜੇਲ੍ਹ ਬੰਦ ਡੇਰਾ ਮੁਖੀ ਨੂੰ ਰੱਬ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦਲ ਖਾਲਸਾ ਸਮਝਦਾ ਹੈ ਕਿ ਰਾਮ ਰਹੀਮ ਵੱਲੋਂ ਸੰਵਾਗ ਰਚਾਉਣ ਦੀ ਘਟਨਾ ਸਬੰਧੀ ਕੁਝ ਅਖ਼ਬਾਰਾਂ ਵਿਚ ਜੋ ਇਸ਼ਤਿਹਾਰ ਛਾਪੇ ਗਏ ਸਨ ਉਹ ਕਿਸਨੇ ਜਾਰੀ ਕੀਤੇ, ਉਨ੍ਹਾਂ ਦਾ ਪੈਸਾ ਕਿਸ ਵੱਲੋਂ ਦਿੱਤਾ ਗਿਆ, ਉਸ ਸ਼ਖ਼ਸ ਦੀ ਨਿਸ਼ਾਨਦੇਹੀ ਬਹੁਤ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਇਸ਼ਤਿਹਾਰਾਂ ਨੇ ਪੰਜਾਬ ਅੰਦਰ ਭਾਂਬੜ ਬਾਲੇ ਸਨ, ਜਿਸ ਦਾ ਸੇਕ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।