ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 7 ਜੁਲਾਈ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਠੇਕੇ ਅਧੀਨ ਦੁਕਾਨਦਾਰਾਂ ਅਤੇ ਠੇੇਕੇਦਾਰ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ ਤੇ ਫਿਰ ਕਰੋਨਾ ਮਹਾਮਾਰੀ ਦੌਰਾਨ ਉਹ ਕਰਜ਼ਾਈ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਠੇਕੇਦਾਰ ਆਪਣੇ ਨਾਲ ਕੁਝ ਬੰਦੇ ਲੈ ਕੇ ਆਇਆ ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਵੀ ਕੁਝ ਮੁਲਾਜ਼ਮ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਧਮਕੀਆਂ ਦਿੱਤੀਆਂ ਕਿ ਉਹ ਉਸ ਨੂੰ ਪੈਸੇ ਦੇਣ ਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੀਆਂ ਦੁਕਾਨਾਂ ਖੁੱਲ੍ਹਣ ਨਹੀਂ ਦਿੱਤੀ ਜਾਣਗੀਆਂ।
ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਤੇ ਜਬਰਦਸਤੀ ਦੁੁਕਾਨਾਂ ਬੰਦ ਕਰਵਾ ਦਿੱਤੀਆਂ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਕਰੋਨਾ ਕਾਰਨ ਉਨ੍ਹਾਂ ਨੂੰ ਬਾਕੀ ਕਿਰਾਇਆ ਮੁਆਫ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੂੰ ਵੀ ਉਨ੍ਹਾਂ ਇਹੀ ਕਿਹਾ ਕਿ ਜੋ ਵੀ ਫ਼ੈਸਲਾ ਸ਼੍ਰੋਮਣੀ ਕਮੇਟੀ ਕਰੇਗੀ, ਉਸ ਨਾਲ ਉਸੇ ਤਰਜ਼ ’ਤੇ ਹਿਸਾਬ ਵੀ ਕੀਤਾ ਜਾਵੇਗਾ। ਇਸ ਮੌਕੇ ਦੁਕਾਨਦਾਰਾਂ ਨੇ ਠੇਕੇਦਾਰ ਖਿਲਾਫ਼ ਨਾਅਰੇੇਬਾਜ਼ੀ ਕਰਦਿਆਂ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕੀਤੀ। a
ਦੁਕਾਨਦਾਰਾਂ ਨੇ ਹੱਥੋਪਾਈ ਕੀਤੀ: ਠੇਕੇਦਾਰ
ਠੇਕੇਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਜਦੋਂ ਉਹ ਦੁਕਾਨਦਾਰਾਂ ਕੋਲ ਕਿਰਾਇਆ ਲੈਣ ਲਈ ਗਏ ਤਾਂ ਉਨ੍ਹਾਂ ਉਸ ਨੂੰ ਕਿਹਾ ਕਿ ਠੇਕਾ ਕੈਂਸਲ ਹੋ ਗਿਆ ਹੈ ਜਿਸ ਕਰਕੇ ਹੁਣ ਉਹ ਕਿਰਾਇਆ ਨਹੀਂ ਦੇਣਗੇ। ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਕੋਲ ਗਏ ਤਾਂ ਉਨ੍ਹਾਂ ਉਸ ਨਾਲ ਕੁਝ ਮੁਲਾਜ਼ਮ ਭੇਜੇ ਜਿਨ੍ਹਾਂ ਦੁਕਾਨਦਾਰਾਂ ਨੂੰ ਦੱਸਿਆ ਕਿ ਠੇਕਾ ਕੈਂਸਲ ਨਹੀਂ ਹੋਇਆ। ਠੇਕੇਦਾਰ ਨੇ ਦੋਸ਼ ਲਗਾਇਆ ਕਿ ਕੁਝ ਦੁਕਾਨਦਾਰਾਂ ਨੇ ਉਸ ਨਾਲ ਹੱਥੋਪਾਈ ਕੀਤੀ ਜਦੋਂਕਿ ਉਨ੍ਹਾਂ ਕੁਝ ਨਹੀਂ ਕਿਹਾ।
ਕਿਸੇ ਨੇ ਦੁਕਾਨਦਾਰਾਂ ਨਾਲ ਝਗੜਾ ਨਹੀਂ ਕੀਤਾ: ਮੈਨੇਜਰ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਤਾਂ ਦੁਕਾਨਦਾਰਾਂ ਨੂੰ ਕੇਵਲ ਇਹ ਦੱਸਣ ਲਈ ਗਏ ਸਨ ਕਿ ਠੇਕਾ ਕੈਂਸਲ ਨਹੀਂ ਹੋਇਆ ਤੇ ਨਾ ਹੀ ਅਜੇ ਸ਼੍ਰੋਮਣੀ ਕਮੇਟੀ ਨੇ ਕੋਈ ਛੋਟ ਦਿੱਤੀ ਹੈ। ਇਸ ਲਈ ਉਹ ਠੇਕੇਦਾਰ ਦੇ ਪੈਸੇ ਦੇਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਿਸੇ ਬੰਦੇ ਨੇ ਦੁਕਾਨਦਾਰਾਂ ਨਾਲ ਕੋਈ ਝਗੜਾ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਮਾੜਾ ਚੰਗਾ ਕਿਹਾ।