ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਪਰੈਲ
ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਦੌਰਾਨ ਆਰਐੱਸਐੱਸ (ਰਾਸ਼ਟਰੀ ਸਵੈਮ ਸੇਵਕ ਸੰਘ) ਖ਼ਿਲਾਫ਼ ਪਾਸ ਕੀਤਾ ਮਤਾ ਸ਼੍ਰੋਮਣੀ ਕਮੇਟੀ ਅਤੇ ਭਾਜਪਾ ਵਿਚਾਲੇ ਵਿਵਾਦ ਭਖ ਗਿਆ ਹੈ। ਭਾਜਪਾ ਦੇ ਬੁਲਾਰੇ ਆਰਪੀ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਸ ਮਤੇ ਖ਼ਿਲਾਫ਼ ਦਿੱਤੇ ਬਿਆਨ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਇਸ ਬਿਆਨ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਆਗੂ ਦਾ ਇਹ ਬਿਆਨ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਅਤੇ ਨਾ-ਸਮਝੀ ਦਾ ਸਬੂਤ ਹੈ। ਸੰਸਥਾ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਆਰਪੀ ਸਿੰਘ ਨੂੰ ਇਹ ਇਲਮ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਸਰਬ-ਸਾਂਝੀਵਾਲਤਾ ਦਾ ਮੁਦੱਈ ਹੈ ਜਿਸ ਵਿੱਚ ਸਾਰੇ ਮਨੁੱਖਾਂ ਨੂੰ ਇੱਕ ਅਕਾਲ ਪੁਰਖ ਦੀ ਸੰਤਾਨ ਸਮਝਿਆ ਜਾਂਦਾ ਹੈ ਅਤੇ ਦੇਸ਼, ਸਮਾਜ ਅੰਦਰ ਊਚ-ਨੀਚ, ਜਾਤ-ਪਾਤ, ਅਮੀਰ-ਗ਼ਰੀਬ ਦੇ ਪਾੜੇ ਮਿਟਾ ਕੇ ਸਭ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੇ ਜੇ ਇਤਿਹਾਸ ਨਹੀਂ ਪੜ੍ਹਿਆ ਤਾਂ ਇਕ ਵਾਰ ਪੜ੍ਹ ਲੈਣਾ ਚਾਹੀਦਾ ਹੈ। ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਭਾਰਤ ਨੂੰ ਇਸਲਾਮ ਦੀ ਧਰਤੀ ਬਣਾ ਰਿਹਾ ਸੀ ਅਤੇ ਉਸ ਵੇਲੇ ਹਿੰਦੂ ਧਰਮ ਖ਼ਤਰੇ ਵਿਚ ਸੀ ਤਾਂ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਹਿੰਦੂ ਧਰਮ ਦੀ ਅਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਸੀ। ਅੱਜ ਭਾਜਪਾ ਅਤੇ ਆਰਐੱਸਐੱਸ ਦੇ ਰਾਜ ਵਿਚ ਵੀ ਘੱਟ ਗਿਣਤੀ ਧਰਮ ਆਪਣੇ ਆਪ ਨੂੰ ਖ਼ਤਰੇ ਵਿੱਚ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਮੌਜੂਦਾ ਹੁਕਮਰਾਨ ਮੁਗਲ ਬਾਦਸ਼ਾਹ ਦੀਆਂ ਪੈੜਾਂ ਉੱਪਰ ਚੱਲ ਰਹੇ ਹਨ। ਫ਼ਰਕ ਸਿਰਫ ਇੰਨਾ ਹੈ ਕਿ ਉਹ ਭਾਰਤ ਨੂੰ ਇਸਲਾਮੀ ਮੁਲਕ ਬਣਾਉਣਾ ਚਾਹੁੰਦਾ ਸੀ ਅਤੇ ਇਹ ਹਿੰਦੂ ਰਾਸ਼ਟਰ ਬਣਾਉਣ ਦੇ ਚਾਹਵਾਨ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਮਤੇ ਵਿਚ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਰਐੱਸਐੱਸ ’ਤੇ ਦੋਸ਼ ਲਾਇਆ ਸੀ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਦੂਜੇ ਧਰਮਾਂ ਦੀ ਧਾਰਮਿਕ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ। ਇਸ ਮਤੇ ਤੋਂ ਬਾਅਦ ਭਾਜਪਾ ਆਗੂ ਨੇ ਦੋਸ਼ ਲਾਇਆ ਸੀ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਇਸਾਈ ਧਰਮ ਵਿਚ ਜਾਣ ਤੋਂ ਰੋਕਣ ਵਿਚ ਨਾਕਾਮ ਰਹੀ ਹੈ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਹਿੰਦੂ ਰਾਸ਼ਟਰ ਦਾ ਢਿੰਡੋਰਾ ਪਿਟ ਰਹੀ ਹੈ।
ਭਾਜਪਾ ’ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼
ਸ਼੍ਰੋਮਣੀ ਕਮੇਟੀ ਨੇ ਦੋਸ਼ ਲਾਇਆ ਕਿ ਭਾਜਪਾ ਦੂਜਿਆਂ ਦਾ ਧਰਮ, ਸੱਭਿਆਚਾਰ, ਭਾਸ਼ਾ ਆਦਿ ਕੁਝ ਵੀ ਬਰਦਾਸ਼ਤ ਨਹੀਂ ਕਰ ਰਹੀ। ਇਨ੍ਹਾਂ ਵੱਲੋਂ ਆਏ ਦਿਨ ਸਿੱਖ ਧਰਮ ਦੇ ਇਤਿਹਾਸ ਅਤੇ ਸਿਧਾਂਤਾਂ ਨਾਲ ਲੁਕਵੇਂ ਰੂਪ ਵਿਚ ਛੇੜ-ਛਾੜ ਕੀਤੀ ਜਾ ਰਹੀ ਹੈ। ਅੱਜ ਜਦੋਂ ਸਮੁੱਚਾ ਸਿੱਖ ਜਗਤ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਅਜਿਹੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤਾ ਇਹ ਮਤਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿਚ ਹੈ। ਸ਼੍ਰੋਮਣੀ ਕਮੇਟੀ ਸਿੱਖ ਧਰਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਅਤੇ ਇਹ ਮਤਾ ਸਮੁੱਚੀ ਸਿੱਖ ਕੌਮ ਦੀ ਸਾਂਝੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਦੂਜੇ ਧਰਮਾਂ ਵਿਚ ਬੇਲੋੜੀ ਦਖਲਅੰਦਾਜ਼ੀ ਕਰਕੇ ਘੱਟ ਗਿਣਤੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।