ਦੀਪਕ ਠਾਕੁਰ
ਤਲਵਾੜਾ, 11 ਅਪਰੈਲ
ਉੱਤਰ ਪ੍ਰਦੇਸ਼, ਛੱਤੀਸਗੜ੍ਹ ਤੇ ਦਿੱਲੀ ਵਿੱਚ ਧਰਮ ਸੰਸਦਾਂ ਕਰ ਕੇ ਦੇਸ਼ ਦੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਕਾਰਨ ਵਿਵਾਦਾਂ ’ਚ ਘਿਰੇ ਯਤੀ ਸਤਦੇਵਾਨੰਦ ਸਰਸਵਤੀ ਮਹਾਰਾਜ ਨੇ ਹੁਣ ਹਿਮਾਚਲ ਤੇ ਪੰਜਾਬ ਵੱਲ ਰੁਖ਼ ਕੀਤਾ ਹੈ। ਇਸੇ ਸਬੰਧ ਵਿੱਚ 17 ਤਰੀਕ ਤੋਂ ਜ਼ਿਲ੍ਹਾ ਊਨਾ ਦੇ ਸਰਹੱਦੀ ਕਸਬਾ ਮੁਬਾਰਕਪੁਰ ਵਿੱਚ ਅਖਿਲ ਭਾਰਤੀ ਸੰਤ ਪਰਿਸ਼ਦ ਵੱਲੋਂ ਧਰਮ ਸੰਸਦ ਕਰਵਾਈ ਜਾ ਰਹੀ ਹੈ। ਸਥਾਨਕ ਮੀਡੀਆ ਨੂੰ ਸੰਬੋਧਨ ਕਰਦਿਆਂ ਅੱਜ ਮੁੜ ਯਤੀ ਸਤਦੇਵਾਨੰਦ ਸਰਸਵਤੀ ਮਹਾਰਾਜ ਨੇ ਘੱਟ ਗਿਣਤੀਆਂ ਖ਼ਿਲਾਫ਼ ਭੜਕਾਊ ਬਿਆਨ ਦਿੰਦਿਆਂ ਕਿਹਾ ਕਿ 20 ਫੀਸਦ ਵਾਲੇ 80 ਫੀਸਦ ਨੂੰ ਡਰਾ-ਧਮਕਾ ਰਹੇ ਹਨ ਅਤੇ 80 ਫੀਸਦ ਵਾਲੇ ਸਿਆਸੀ ਲੋਕਾਂ ਤੇ ਪ੍ਰਸ਼ਾਸਨ ਵੱਲ ਦੇਖ ਰਹੇ ਹਨ। ਉਕਤ ਮਸਲਿਆਂ ਸਬੰਧੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਕਸਬਾ ਮੁਬਾਰਕਪੁਰ ਵਿੱਚ 17, 18 ਤੇ 19 ਤਰੀਕ ਨੂੰ ਧਰਮ ਸੰਸਦ ਸੱਦੀ ਗਈ ਹੈ।