ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਅਪਰੈਲ
ਪੰਜਾਬ ਦੇ ਸਕੂਲਾਂ ਵਿੱਚ ਇਤਿਹਾਸ ਦਾ ਵਿਵਾਦਿਤ ਪਾਠਕ੍ਰਮ ਪੜ੍ਹਾਉਣ ਦੇ ਮਾਮਲੇ ਸਬੰਧੀ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਪੜਤਾਲੀਆ ਅਫ਼ਸਰ ਇੰਦਰਪਾਲ ਸਿੰਘ ਮਲਹੋਤਰਾ ਕੋਲ ਆਪਣੇ ਬਿਆਨ ਦਰਜ ਕਰਵਾਏ ਜਦਕਿ ਲੇਖਕ ਅਤੇ ਪ੍ਰਿੰਟਿੰਗ ਪ੍ਰੈੱਸਾਂ ਦੇ ਨੁਮਾਇੰਦਿਆਂ ਨੂੰ ਤਲਬ ਕਰਦਿਆਂ 29 ਅਪਰੈਲ ਸ਼ਾਮ ਤੱਕ ਪੇਸ਼ ਹੋਣ ਲਈ ਕਿਹਾ ਗਿਆ ਹੈ।
ਜਥੇਦਾਰ ਸਿਰਸਾ ਨੇ ਜਾਂਚ ਅਧਿਕਾਰੀ ਨੂੰ ਇਤਿਹਾਸ ਦੀਆਂ ਪੁਸਤਕਾਂ ਛਾਪਣ ਵਾਲੇ ਵੱਖ-ਵੱਖ ਲੇਖਕਾਂ ਅਤੇ ਤਿੰਨ ਕਿਤਾਬਾਂ ਵਿੱਚ ਇਤਰਾਜ਼ਯੋਗ ਤੱਥਾਂ ਬਾਰੇ ਬਿਆਨ ਦਿੱਤੇ। ਉਨ੍ਹਾਂ ਬਿਆਨ ਦਿੱਤੇ ਕਿ ਲੇਖਕਾਂ ਨੇ ਡੂੰਘੀ ਸਾਜ਼ਿਸ਼ ਅਧੀਨ ਅਜਿਹਾ ਕੀਤਾ ਹੈ। ਗੁਰੂ ਜੀ ਦੀ ਚਾਂਦਨੀ ਚੌਕ ਦਿੱਲੀ ਵਿੱਚ ਦਿੱਤੀ ਅਦੁੱਤੀ ਤੇ ਲਾਸਾਨੀ ਸ਼ਹੀਦੀ ਨੂੰ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚੋਂ ਮਿਟਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਵੱਲੋਂ ਬਾਈਧਾਰ ਦੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ ’ਚੋਂ ਆਜ਼ਾਦ ਕਰਵਾਉਣ ਵਾਲੇ ਇਤਿਹਾਸ ਨੂੰ ਵੀ ਗਲਤ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਲਤ ਤੱਥ ਪੇਸ਼ ਕਰਨ ਵਾਲੇ ਲੇਖਕਾਂ, ਪ੍ਰਿੰਟਿੰਗ ਪ੍ਰੈੱਸਾਂ ਅਤੇ ਪੁਸਤਕ ਛਾਪਣ ਦੀ ਪ੍ਰਵਾਨਗੀ ਦੇਣ ਵਾਲੇ ਬੋਰਡ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਵੱਲੋਂ ਪੰਜਾਬ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ।