ਜੈਸਮੀਨ ਭਾਰਦਵਾਜ
ਨਾਭਾ, 3 ਅਗਸਤ
ਇਥੋਂ ਦੇ ਪਿੰਡ ਖੁਰਦ ਵਿਚ ਗੁਰਦੁਆਰੇ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਤੋਂ ਸਾਹਮਣੇ ਆਇਆ ਕਿ ਗ੍ਰੰਥੀ ਨੇ ਇਹ ਕੰਮ ਪਿੰਡ ਦੇ ਇੱਕ ਨੌਜਵਾਨ ਨੂੰ ਫਸਾਉਣ ਲਈ ਕੀਤਾ ਸੀ ਕਿਉਂਕਿ ਇਹ ਨੌਜਵਾਨ ਗ੍ਰੰਥੀ ਦੀ ਪੁੱਤਰੀ ਨੂੰ ਮਿਲਣ ਵੇਲੇ ਫੜਿਆ ਗਿਆ ਸੀ।
ਜਾਣਕਾਰੀ ਅਨੁਸਾਰ ਵੈਲਡਿੰਗ ਦਾ ਕੰਮ ਕਰਨ ਵਾਲਾ ਕਰਨਵੀਰ ਬਾਵਾ ਗ੍ਰੰਥੀ ਤਰਸੇਮ ਸਿੰਘ ਦੇ ਘਰ ਆਇਆ ਸੀ ਤੇ ਤਰਸੇਮ ਨੇ ਦੋਸ਼ ਲਾਇਆ ਸੀ ਕਿ ਉਹ ਉਸ ਦੀ ਧੀ ਨੂੰ ਘਰੋਂ ਭਜਾਉਣ ਆਇਆ ਸੀ ਪਰ ਮੌਕੇ ’ਤੇ ਤਰਸੇਮ ਦੀ ਦੂਜੀ ਧੀ ਨੇ ਰੌਲਾ ਪਾ ਦਿੱਤਾ। ਇਸ ਉਪਰੰਤ ਪਰਿਵਾਰ ਨੇ ਕਰਨਵੀਰ ਦੀ ਕੁੱਟਮਾਰ ਕੀਤੀ ਅਤੇ ਗੁਰਦੁਆਰੇ ਲੈ ਗਏ ਅਤੇ ਆਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਪੀਕਰ ਰਾਹੀਂ ਐਲਾਨ ਕੀਤਾ ਕਿ ਉਨ੍ਹਾਂ ਗੁਰਦੁਆਰੇ ਵਿਚ ਬੇਅਦਬੀ ਕਰਦੇ ਲੜਕੇ ਨੂੰ ਫੜਿਆ ਹੈ। ਪੁਲੀਸ ਨੇ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਸਚਾਈ ਸਾਹਮਣੇ ਆਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਵੀ ਬੰਦ ਕਰ ਦਿੱਤੇ ਗਏ ਸਨ। ਪੁਲੀਸ ਨੇ ਗ੍ਰੰਥੀ ਤਰਸੇਮ ਸਿੰਘ ਅਤੇ ਉਸ ਦੀ ਪਤਨੀ ਅਤੇ ਇੱਕ ਧੀ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲੀਸ ਨੇ ਕਰਨਵੀਰ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਤਰਸੇਮ ਦੀ ਧੀ ਦੀ ਸ਼ਿਕਾਇਤ ’ਤੇ ਕੀਤੀ।