ਰਾਜਨ ਮਾਨ
ਮਜੀਠਾ, 6 ਜਨਵਰੀ
ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੇ ਅੱਜ ਕੱਥੂਨੰਗਲ ਟੋਲ ਪਲਾਜ਼ਾ ’ਤੇ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਨੂੰ 5 ਘੰਟਿਆਂ ਲਈ ਜਾਮ ਕਰ ਦਿੱਤਾ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 22 ਦਿਨਾਂ ਤੋਂ ਟੋਲ ਪਲਾਜ਼ਾ ’ਤੇ ਧਰਨੇ ਉੱਤੇ ਬੈਠੀਆਂ ਇਨ੍ਹਾਂ ਹੈਲਥ ਵਰਕਰਾਂ ਨੇ ਪੰਜਾਬ ਸਰਕਾਰ ਦੇ ਕਥਿਤ ਲਾਰਿਆਂ ਤੋਂ ਤੰਗ ਆ ਕੇ ਰੋਜ਼ਾਨਾ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸਰਬਜੀਤ ਕੌਰ ਅਤੇ ਸਤਿੰਦਰ ਕੌਰ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਉੱਪ ਮੁੱਖ ਮੰਤਰੀ ਓਪੀ ਸੋਨੀ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਹੈਲਥ ਵਰਕਰਾਂ ਵੱਲੋਂ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਮੰਗੀ ਜਾ ਰਹੀ ਹੈ ਤੇ ਸਰਕਾਰ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਅੱਜ ਮਜਬੂਰਨ ਟੋਲ ਪਲਾਜ਼ਾ ਨੂੰ 5 ਘੰਟੇ ਲਈ ਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਓਨੀਂ ਦੇਰ ਹਰ ਰੋਜ਼ ਟੋਲ ਪਲਾਜ਼ਾ 12 ਤੋਂ 5 ਵਜੇ ਤੱਕ ਜਾਮ ਲਾਇਆ ਜਾਵੇਗਾ।