ਸ਼ਗਨ ਕਟਾਰੀਆ
ਬਠਿੰਡਾ, 20 ਜੂਨ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਅੱਜ ਚੌਵੀ ਘੰਟਿਆਂ ਮਗਰੋਂ ਇੱਥੇ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਅੱਗੋਂ ਧਰਨਾ ਹਟਾ ਦਿੱਤਾ। ਧਰਨਾ ਸਮਾਪਤੀ ਕਰ ਕੇ ਉਨ੍ਹਾਂ ਸ਼ਹਿਰ ਵਿਚ ਰੋਸ ਮਾਰਚ ਕੀਤਾ। ਹਨੂੰਮਾਨ ਚੌਕ ਵਿਚ ਪਹੁੰਚ ਕੇ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਨਾਲ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਵਿਸ਼ੇਸ਼ ਪੱਖ ਇਹ ਵੀ ਰਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ’ਚ ਹੀ ਸਨ ਤੇ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਸੰਘਰਸ਼ ਮੋਰਚੇ ਦੇ ਆਗੂ ਜਗਸੀਰ ਭੰਗੂ ਨੇ ਕਿਹਾ ਕਿ ਮੰਗਾਂ ਸਬੰਧੀ ਮੋਰਚੇ ਦੀ ਸਰਕਾਰ ਦੀ ਕਿਸੇ ਵੀ ਧਿਰ ਨਾਲ ਕੋਈ ਗੱਲਬਾਤ ਨਹੀਂ ਹੋਈ।
ਬੁਲਾਰਿਆਂ ਨੇ ਮੰਗ ਕੀਤੀ ਕਿ ਸਮੁੱਚੇ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ‘ਵੈਲਫੇਅਰ ਐਕਟ 2016’ ਅਧੀਨ ਲਿਆ ਕੇ ਉਨ੍ਹਾਂ ਦੇ ਪਿਤਰੀ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ। ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਬੰਦ ਹੋਣ। ਇਕੱਠ ਨੂੰ ਮੋਰਚੇ ਦੇ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਵਰਿੰਦਰ ਸਿੰਘ ਬੀਬੀਵਾਲਾ, ਜਗਸੀਰ ਸਿੰਘ ਭੰਗੂ, ਰਾਜੇਸ਼ ਕੁਮਾਰ ਤੇ ਸੰਦੀਪ ਖ਼ਾਨ ਆਦਿ ਨੇ ਸੰਬੋਧਨ ਕੀਤਾ। ਇਸ ਪ੍ਰਦਰਸ਼ਨ ’ਚ ਬੀਕੇਯੂ (ਉਗਰਾਹਾਂ) ਦੇ ਮੋਠੂ ਸਿੰਘ ਕੋਟੜਾ ਤੇ ਹਰਜਿੰਦਰ ਸਿੰਘ ਬੱਗੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ ਸਣੇ ਟੀਐੱਸਯੂ, ਲੋਕ ਮੋਰਚਾ ਦੇ ਗੁਰਮੁਖ ਸਿੰਘ ਨਥਾਣਾ, ਡੀਟੀਐੱਫ ਦੇ ਰੇਸ਼ਮ ਖੇਮੂਆਣਾ, ਪੀਆਰਟੀਸੀ ਕਰਮਚਾਰੀ ਯੂਨੀਅਨ ਦੇ ਬਲਵੀਰ ਸ਼ਰਮਾ ਤੇ ਨਿਰਪਾਲ ਸਿੰਘ ਆਦਿ ਸ਼ਾਮਿਲ ਹੋਏ।
ਕੰਧਾਂ ਤੋਂ ਨਾਅਰੇ ਮਿਟਾਏ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੇ ਸ਼ਟਰ ਅਤੇ ਕੰਧਾਂ ’ਤੇ ਠੇਕਾ ਮੁਲਾਜ਼ਮਾਂ ਵੱਲੋਂ ਲਿਖੇ ਨਾਅਰੇ ਅੱਜ ਧਰਨਾ ਸਮਾਪਤ ਹੋਣ ’ਤੇ ਮਿਟਾ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਧਰਨਾ ਲੱਗਣ ਬਾਅਦ ਦਫ਼ਤਰ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਬੰਦ ਕਰ ਦਿੱਤਾ ਸੀ।