ਸ਼ਗਨ ਕਟਾਰੀਆ
ਬਠਿੰਡਾ, 7 ਅਗਸਤ
ਆਪਣੀਆਂ ਸੇਵਾਵਾਂ ਨਿਯਮਤ ਕਰਾਉਣ ਦੀ ਮੰਗ ਸਬੰਧੀ ਬਰਨਾਲਾ-ਬਠਿੰਡਾ ਬਾਈਪਾਸ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਰੋਸ ਪ੍ਰਗਟਾਉਣ ਪਹੁੰਚੇ ਠੇਕਾ ਮੁਲਾਜ਼ਮਾਂ ਨੂੰ ਅੱਜ ਪੁਲੀਸ ਨੇ ਖਿੱਚ-ਧੂਹ ਕਰ ਕੇ ਹਿਰਾਸਤ ਵਿਚ ਲਿਆ। ਮੁਲਾਜ਼ਮਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਸਨ। ਖਿੱਚ-ਧੂਹ ਦੌਰਾਨ ਦਸਤਾਰਾਂ ਤੇ ਮਹਿਲਾਵਾਂ ਦੇ ਦੁਪੱਟੇ ਸੜਕਾਂ ’ਤੇ ਰੁਲਦੇ ਰਹੇ। ਇਕ ਪ੍ਰਦਰਸ਼ਨਕਾਰੀ ਦੀ ਪਤਨੀ ਸੁਖਵੀਰ ਕੌਰ ਤੇ ਧੀ ਜਸਮੀਤ ਕੌਰ ਨੇ ਪੁਲੀਸ ਦੀ ਕਾਰਵਾਈ ਦਾ ਵਿਰੋਧ ਕੀਤਾ। ਪੁਲੀਸ ਮੁਲਾਜ਼ਮ ਲੜਕੀ ਨੇ ਪਿਤਾ ਨੂੰ ਗ੍ਰਿਫ਼ਤਾਰ ਕਰ ਰਹੇ ਸਨ। ਇਥੇ ਇਕ ਪ੍ਰਦਰਸ਼ਨਕਾਰੀ ਬੇਹੋਸ਼ ਵੀ ਹੋ ਗਿਆ, ਜਿਸ ਨੂੰ ਉਸ ਦੇ ਸਾਥੀਆਂ ਨੇ ਸੰਭਾਲਿਆ।
ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਨੇ ਇਥੇ ਬਰਨਾਲਾ-ਬਠਿੰਡਾ ਬਾਈਪਾਸ ’ਤੇ ਹਵਾਈ ਪੁਲ ਦਾ ਨੀਂਹ ਪੱਥਰ ਰੱਖਣਾ ਸੀ। ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਪਰਿਵਾਰਾਂ ਸਮੇਤ ਪ੍ਰੋਗਰਾਮ ਵਾਲੀ ਥਾਂ ’ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ ਸ਼ੁਰੂ ਹੋ ਗਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਘੜੀਸ-ਘੜੀਸ ਕੇ ਪੁਲੀਸ ਦੀਆਂ ਗੱਡੀਆਂ ’ਤੇ ਚੜ੍ਹਾਇਆ। ਇਥੇ ਹੀ ਇਕ ਕਾਂਗਰਸੀ ਕੌਂਸਲਰ ਨੇ ਪੁਲੀਸ ਨੂੰ ਅਜਿਹਾ ਨਾ ਕਰਨ ਲਈ ਵਾਸਤੇ ਵੀ ਪਾਏ ਪਰ ਪੁਲੀਸ ਨਾਅਰੇ ਲਾ ਰਹੇ ਕਰੀਬ ਛੇ ਦਰਜਨ ਪ੍ਰਦਰਸ਼ਨਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ। ਠੇਕਾ ਮੁਲਾਜ਼ਮਾਂ ਨੇ ਇੱਥੇ ਪੁਲੀਸ ’ਤੇ ਦੁਸ਼ਮਣਾਂ ਵਾਲਾ ਵਤੀਰਾ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਉਹ ਮੁੱਢਲੀਆਂ ਤਨਖਾਹਾਂ ’ਤੇ ਭਰਤੀ ਪੁਲੀਸ ਮੁਲਾਜ਼ਮਾਂ ਦੀ ਲੜਾਈ ਵੀ ਰਹੇ ਹਨ।
ਇਸ ਮਗਰੋਂ ਵੱਡੀ ਗਿਣਤੀ ’ਚ ਠੇਕਾ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਥਾਣਾ ਕੈਂਟ ਅੱਗੇ ਜਾ ਕੇ ਧਰਨਾ ਲਾ ਦਿੱਤਾ। ਇਥੇ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਵਰਕਰ ਵੀ ਇਕੱਠੇ ਹੋ ਗਏ। ਉਨ੍ਹਾਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਧਰਨਾ ਲਾ ਕੇ ਰਸਤਾ ਮੁਕੰਮਲ ਤੌਰ ’ਤੇ ਜਾਮ ਕਰ ਦਿੱਤਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਸੀਰ ਭੰਗੂ, ਗੁਰਵਿੰਦਰ ਪੰਨੂ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਦੇ ਭਵਿੱਖੀ ਪ੍ਰੋਗਰਾਮਾਂ ਦਾ ਇਸ ਤੋਂ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ। ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ ਵੱਖ-ਵੱਖ ਥਾਣਿਆਂ ’ਚ ਬੰਦ ਕਰੀਬ ਛੇ ਦਰਜਨ ਵਿਖਾਵਾਕਾਰੀਆਂ ਨੂੰ ਪੁਲੀਸ ਵੱਲੋਂ ਬਗ਼ੈਰ ਸ਼ਰਤ ਰਿਹਾਅ ਕੀਤੇ ਜਾਣ ’ਤੇ ਪ੍ਰਦਰਸ਼ਨਕਾਰੀਆਂ ਨੇ ਬਠਿੰਡਾ-ਚੰਡੀਗੜ੍ਹ ਮਾਰਗ ਤੋਂ ਧਰਨਾ ਚੁੱਕ ਲਿਆ।
ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਮਹੂਰੀ ਦੇਸ਼ ’ਚ ਅਜਿਹਾ ਹੋਣਾ ਬਰਦਾਸ਼ਤ ਯੋਗ ਨਹੀਂ। ਲੋਕਤੰਤਰੀ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਤਸ਼ੱਦਦ ਢਾਹੁਣ ਦੀ ਜਗ੍ਹਾ ਹਕੂਮਤ ਨੂੰ ਉਨ੍ਹਾਂ ਦੀ ਗੱਲ ਸੁਣ ਕੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।