ਮਨੋਜ ਸ਼ਰਮਾ
ਬਠਿੰਡਾ, 13 ਅਗਸਤ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਅੱਜ ਥਰਮਲ ਪਲਾਂਟ ਲਹਿਰਾ, ਪਾਵਰਕੌਮ ਜ਼ੋਨ ਬਠਿੰਡਾ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕੌਮ ਅਤੇ ਟ੍ਰਾਂਸਕੋ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ, ਮਗਨਰੇਗਾ ਦੇ ਠੇਕਾ ਮੁਲਾਜ਼ਮਾਂ ਵੱਲੋਂ ਆਜ਼ਾਦੀ ਦਿਵਸ ਨੂੰ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਗਿਆ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਬੀਬੀ ਵਾਲਾ ਚੌਕ ਤੋਂ ਡੀਸੀ ਦਫ਼ਤਰ ਤੱਕ ਮੋਟਰਸਾਈਕਲਾਂ ’ਤੇ ਮਾਰਚ ਕਰਦੇ ਹੋਏ ਡੀਸੀ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਮੇਂ ਮੋਰਚੇ ਦੇ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਸਿੰਘ ਬਠਿੰਡਾ, ਸੇਵਕ ਸਿੰਘ ਦੰਦੀਵਾਲ, ਵਰਿੰਦਰ ਸਿੰਘ ਬੀਬੀਵਾਲਾ, ਸੰਦੀਪ ਖਾਨ ਅਤੇ ਰਾਜੇਸ਼ ਕੁਮਾਰ ਮੌੜ ਨੇ ਕਿਹਾ ਕੈਪਟਨ ਸਰਕਾਰ ਸਮੂਹ ਅਦਾਰਿਆਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਲੰਘੇ ਸਾਢੇ ਤਿੰਨ ਸਾਲਾਂ ਵਿੱਚ ਕਿਸੇ ਵੀ ਅਦਾਰੇ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ।ਆਗੂਆਂ ਨੇ ਮਿੰਨੀ ਸੈਕਟਰੀਏਟ ਬਠਿੰਡਾ ਦੀ ਸੜਕ ਸਾਹਮਣੇ ਜਾਮ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ।