ਸ਼ਸੀਪਾਲ ਜੈਨ
ਖਰੜ, 19 ਅਗਸਤ
ਕਰੋਨਾ ਮਹਾਮਾਰੀ ਕਾਰਨ ਮੰਦੀ ਦਾ ਸ਼ਿਕਾਰ ਹੋਈ ਜਨਤਾ ’ਤੇ ਪਾਵਰਕੌਮ ਵੱਲੋਂ ਦੋਹਰੀ ਮਾਰ ਕਰਦਿਆਂ ਵੱਡੇ ਬਿੱਲ ਭੇਜ ਕੇ ਲੁੱਟ ਕੀਤੀ ਜਾ ਰਹੀ ਹੈ। ਪਾਵਰਕੌਮ ਵੱਲੋਂ ਲਾਕਡਾਊਨ ਦੌਰਾਨ ਬੰਦ ਘਰ ਦਾ ਲੱਖਾਂ ਰੁਪਏ ਬਿੱਲ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ਸ਼ੀਕਾਂਤ ਵਾਸੀ ਫਲੈਟ ਨੰਬਰ 505 ਪਹਿਲੀ ਮੰਜ਼ਿਲ, ਸ਼ਿਵਜੋਤ ਐਨਕਲੇਵ, ਖਰੜ ਨੇ ਦੱਸਿਆ ਕਿ ਉਕਤ ਫਲ਼ੈਟ ਵਿੱਚ ਉਸ ਦੀ ਪਤਨੀ ਪ੍ਰੋਮਿਲਾ ਦੇਵੀ ਦੇ ਨਾਮ ’ਤੇ ਬਿਜਲੀ ਦਾ ਕੂਨੈਕਸ਼ਨ ਲੱਗਾ ਹੋਇਆ ਹੈ। ਇਸ ਸਾਲ ਫਰਵਰੀ ਵਿੱਚ ਮੀਟਰ ਦੀ ਕੁਲ ਰੀਡਿੰਗ 21,419 ਸੀ ਤੇ ਬਿੱਲ 24,470 ਆਇਆ ਸੀ। ਮਾਰਚ ਵਿੱਚ ਕਰੋਨਾ ਕਾਰਨ ਹੋਈ ਤਾਲਬੰਦੀ ਮਗਰੋਂ ਅਪਰੈਲ ’ਚ ਉਹ ਘਰ ਬੰਦ ਕਰ ਕੇ ਹਿਮਾਚਲ ਚਲੇ ਗਏ ਸੀ। ਇਸ ਸਬੰਧੀ ਵਿਭਾਗ ਨੇ ਬੰਦ ਘਰ ਦਾ ਉਨ੍ਹਾਂ ਨੂੰ ਅਗਸਤ ’ਚ 1,94,590 ਰੁਪਏ ਦਾ ਬਿੱਲ ਭੇਜ ਦਿੱਤਾ ਹੈ। 30 ਜੁਲਾਈ ਨੂੰ ਜੇਈ ਵੱਲੋਂ ਉਨ੍ਹਾਂ ਦਾ ਮੀਟਰ ਵੀ ਉਤਾਰ ਲਿਆ ਗਿਆ, ਜੋ ਕਰੀਬ 24 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਮਗਰੋਂ ਦੁਬਾਰਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨਾਂ ਦੇ ਮੀਟਰ ਦੀ ਹੁਣ ਤੱਕ ਦੀ ਕੁੱਲ ਯਿੂਨਟ ਖਪਤ 22139 ਦੇ ਕਰੀਬ ਹੈ। ਜਦਕਿ ਦੋ ਸਾਲਾਂ ’ਚ ਉਨ੍ਹਾਂ ਦੀ ਕੁਲ 7,661 ਯੂਨਿਟ ਬਿਜਲੀ ਖਪਤ ਹੋਈ ਹੈ। ਵਿਭਾਗ ਨੇ ਬੰਦ ਘਰ ਦਾ ਲੱਖਾਂ ਰੁਪਏ ਬਿੱਲ ਭੇਜ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਹੈ। ਪਾਵਰਕੌਮ ਦੇ ਜੂਨੀਅਰ ਇੰਜਨੀਅਰ ਮਲਕੀਤ ਸਿੰਘ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਊਨ੍ਹਾਂ ਨੂੰ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਸ਼ਿਕਾਇਤ ਮਿਲਣ ਮਗਰੋਂ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।