ਸਰਬਜੀਤ ਸਿੰਘ ਭੰਗੂ/ਸ਼ਗਨ ਕਟਾਰੀਆ
ਪਟਿਆਲਾ/ਬਠਿੰਡਾ, 3 ਅਗਸਤ
ਕਰੀਬ ਇਕ ਘੰਟਾ ਪਏ ਮੀਂਂਹ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਪਟਿਆਲਾ ਸ਼ਹਿਰ ਮੁੜ ਪਾਣੀ ਵਿੱਚ ਡੁੱਬ ਗਿਆ। ਇਹੋ ਹਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਸ਼ਹਿਰ ਦਾ ਹੋਇਆ। ਕਹਿਣ ਨੂੰ ਤਾਂ ਇਨ੍ਹਾਂ ਹਲਕਿਆਂ ’ਚ ਵਿਕਾਸ ਲਈ ਕਰੋੜਾਂ ਰੁਪਏ ਖਰਚੇ ਗਏ ਹਨ ਪਰ ਇਕ ਮੀਂਹ ਪੈਂਦਿਆਂ ਹੀ ਹਾਲਾਤ ਨਰਕ ਵਰਗੀ ਹੋ ਜਾਂਦੀ ਹੈ। ਪਟਿਆਲਾ ਦਾ ਲਗਪਗ ਹਰ ਇਲਾਕਾ ਪਾਣੀ ਵਿੱਚ ਡੁੱਬ ਗਿਆ।
ਬਠਿੰਡਾ ਵਿੱਚ ਮੀਂਹ ਕਾਰਨ ਸਥਿਤੀ ਹੜ੍ਹਾਂ ਵਰਗੀ ਜਾਪਣ ਲੱਗੀ। ਸ਼ਹਿਰ ’ਚ ਪਾਣੀ ਦਾ ਨਿਕਾਸ ਪਾਣੀਆਂ ਦੀਆਂ ਛੱਲਾਂ ਅੱਗੇ ਫਿੱਕਾ ਪੈ ਗਿਆ। ਉੱਚੇ ਥਾਵਾਂ ਤੋਂ ਵਗ ਕੇ ਪਾਣੀ ਨਿਵਾਣਾਂ ’ਚ ਭਰ ਗਿਆ ਹੈ। ਨੀਵੇਂ ਏਰੀਏ ’ਚ ਆਬਾਦ ਲੋਕ ਘਰਾਂ ’ਚ ਵੜੇ ਪਾਣੀ ਕਾਰਨ ਫ਼ਿਕਰਮੰਦ ਹੋ ਗਏ ਹਨ। ਉਚੇਰੀਆਂ ਥਾਵਾਂ ਦੇ ਰਿਹਾਇਸ਼ਕਾਰ ਹੁੰਮਸ ਭਰੀ ਗਰਮੀ ਤੋਂ ਰਾਹਤ ਦੁਆਉਣ ਲਈ ਮੀਂਹ ਦਾ ਲੁਤਫ਼ ਲੈਂਦੇ ਦਿਖਾਈ ਦਿੱਤੇ। ਭਾਵੇਂ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਹਾਕਿਆਂ ਤੋਂ ਪਾਣੀ ਦੀ ਨਿਕਾਸੀ ਦਾ ਦਰਦ ਹੰਢਾ ਰਹੇ ਸ਼ਹਿਰੀਆਂ ਨੂੰ ਨਿਜਾਤ ਦੁਆਉਣ ਲਈ ਕਾਫ਼ੀ ਤਰੱਦਦ ਕਰਦਿਆਂ ਕਈ ਡਿਸਪੋਜ਼ਲ ਪ੍ਰਾਜੈਕਟ ਤਿਆਰ ਕਰਵਾਏ ਪਰ ਫਿਰ ਵੀ ਭਰਵੇਂ ਮੀਂਹ ਅੱਗੇ ਇਹ ਇੰਤਜ਼ਾਮ ਘੱਟ ਰਹੇ ਨਜ਼ਰ ਆ ਰਹੇ ਹਨ।