ਜੈਸਮੀਨ ਭਾਰਦਵਾਜ
ਨਾਭਾ, 14 ਜੁਲਾਈ
ਪੁਲੀਸ ਵੱਲੋਂ ਵੱਡੀ ਸਾਜ਼ਿਸ਼ ਦੇ ਪਰਦਾਫਾਸ਼ ਕਰਨ ਨਾਲ ਉੱਚ ਸੁਰੱਖਿਆ ਜੇਲ੍ਹ ਨਾਭਾ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ’ਚ ਹੈ। 2016 ਜੇਲ੍ਹ ਬ੍ਰੇਕ ਸਮੇਂ ਇਸੇ ਜੇਲ੍ਹ ਉੱਪਰ ਹਮਲਾ ਕਰਕੇ ਛੇ ਕੈਦੀਆਂ ਨੂੰ ਭਜਾਉਣ ਵਾਲੇ ਕਥਿਤ ਗੈਂਗਸਟਰ ਅਮਨ ਕੁਮਾਰ ਅਤੇ ਸੁਨੀਲ ਕਾਲੜਾ ਨੇ ਹੁਣ ਜੇਲ੍ਹ ਅੰਦਰੋਂ ਸਰਕਾਰ ਦੇ ਨਾਮ ਹੇਠ ਵੈੱਬਸਾਈਟ ਬਣਾਈ ਹੈ, ਜਿਸ ਰਾਹੀਂ ਉਹ ਨੌਕਰੀਆਂ ਦੇ ਫਾਰਮ ਵੇਚ ਕੇ ਪੈਸੇ ਇੱਕਠਾ ਕਰਨਾ ਚਾਹੁੰਦੇ ਸਨ। ਸਟੇਟ ਡਿਜ਼ਾਸਟਰ ਰਿਲੀਫ਼ ਫੋਰਸ ਦੇ ਨਾਮ ’ਤੇ sdrfindia.org ਦੇ ਨਾਮ ਨਾਲ ਵੈੱਬਸਾਈਟ ਬਣਾਉਣ ਲਈ ਅਮਨ ਕੁਮਾਰ, ਜੋ ਉੱਤਰ ਪ੍ਰਦੇਸ਼ ਵਿੱਚ ਫਰਜ਼ੀ ਆਈਪੀਐੱਸ ਅਫਸਰ ਬਣ ਕੇ ਲੋਕਾਂ ਨੂੰ ਠੱਗਦਾ ਸੀ ਅਤੇ ਉਥੇ ਉਸ ਖ਼ਿਲਾਫ਼ ਕੇਸ ਵੀ ਦਰਜ ਹੈ, ਨੇ ਇੰਟਰਨੈੱਟ ਰਾਹੀਂ ਹੁਸ਼ਿਆਰਪੁਰ ਤੋਂ ਤਲਾਕਸ਼ੁਦਾ ਮਹਿਲਾ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਆਪਣੀ ਪਛਾਣ ਆਈਪੀਐੱਸ ਅਫਸਰ ਵੱਜੋਂ ਦੱਸੀ। ਸੁਨੀਲ ਨੇ ਵੀ ਆਪਣੀ ਪਛਾਣ ਸੀਬੀਆਈ ਅਧਿਕਾਰੀ ਵੱਜੋਂ ਦੱਸੀ। ਨਾਭਾ ਐੱਸਐੱਚਓ ਸੁਰਿੰਦਰ ਭੱਲਾ ਨੇ ਦੱਸਿਆ ਕਿ ਇਹ ਮਹਿਲਾ ਆਈਟੀ ਮਾਹਿਰ ਹੈ ਅਤੇ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਉਨ੍ਹਾਂ ਦੋਵਾਂ ਮੁਲਜ਼ਮਾਂ ਦੇ ਕਹਿਣ ‘ਤੇ ਵੈੱਬਸਾਈਟ ਬਣਾਈ ਅਤੇ ਇਸ ਦਾ ਸਾਰਾ ਡਿਜ਼ਾਈਨ ਐੱਨਡੀਆਰਐੱਫ ਦੀ ਵੈੱਬਸਾਈਟ ਤੋਂ ਲਿਆ। ਇਸ ਸਾਰੇ ਕੰਮ ਲਈ ਇਸ ਮਹਿਲਾ ਨੂੰ 75 ਹਜ਼ਾਰ ਰੁਪਏ ਦੀ ਅਦਾਇਗੀ ਵੀ ਕੀਤੀ ਗਈ ਅਤੇ ਇਸ ਦੇਣ ਲੈਣ ਵਿੱਚ ਹਿਮਾਂਸ਼ੂ ਮੱਕੜ ਰਾਹੀਂ ਕੀਤਾ ਗਿਆ, ਜਿਸ ਦੀ ਪੁਲੀਸ ਨੂੰ ਭਾਲ ਹੈ। ਪੁਲੀਸ ਮੁਤਾਬਕ ਜੇਲ੍ਹ ਵਿੱਚੋਂ ਚਲਦੀ ਇਸ ਸਾਜ਼ਿਸ਼ ਸਬੰਧੀ ਪੁਲੀਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਜੋ ਮੋਬਾਈਲ ਨੰਬਰ ਇਸ ਵੈੱਬਸਾਈਟ ਉੱਪਰ ਦਿੱਤਾ ਹੋਇਆ ਹੈ ਉਹ ਨਾਭਾ ਜੇਲ੍ਹ ਵਿੱਚੋਂ ਇਸਤੇਮਾਲ ਹੋ ਰਿਹਾ ਹੈ। ਪੜਤਾਲ ਦੌਰਾਨ ਇਹ ਮੋਬਾਈਲ ਨੰਬਰ ਅਤੇ ਇੱਕ ਫੋਨ ਅਮਨ ਕੁਮਾਰ ਕੋਲੋਂ ਬਰਾਮਦ ਕਰਕੇ ਉਸ ਤੋਂ ਪੁੱਛ ਪੜ ਛਾਲ ਕੀਤੀ ਗਈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।