ਬੀਰਬਲ ਰਿਸ਼ੀ
ਸ਼ੇਰਪੁਰ, 10 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਹਕੂਮਤ ਨਾਲ ਕਿਸਾਨਾਂ ਦੀ ਆਰ-ਪਾਰ ਦੀ ਲੜਾਈ ਦੌਰਾਨ ਕਥਿਤ ਤੌਰ ’ਤੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨ ਕਰਨੈਲ ਸਿੰਘ ਸ਼ੇਰਪੁਰ ਦੀ ਲੰਘੀ 6 ਦਸੰਬਰ ਨੂੰ ਮੌਤ ਹੋ ਗਈ ਸੀ। ਕਿਸਾਨ ਜਥੇਬੰਦੀਆਂ ਵੱਲੋਂ ਰੱਖੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਉਸ ਦੀ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਪਈ ਹੈ। ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਸਹਿਮਤੀ ਬਣੀ ਹੈ ਕਿ 11 ਦਸੰਬਰ ਨੂੰ ਕਰਨੈਲ ਸਿੰਘ ਦਾ ਸ਼ੇਰਪੁਰ ਵਿੱਚ ਸਸਕਾਰ ਕੀਤਾ ਜਾਵੇਗਾ।
ਪ੍ਰਸ਼ਾਸਨ ਵੱਲੋਂ ਐੱਸਡੀਐੱਮ ਲਤੀਫ਼ ਅਹਿਮਦ, ਡੀਐੱਸਪੀ ਪਰਮਜੀਤ ਸਿੰਘ, ਐੱਸਐੱਚਓ ਦੀਪਇੰਦਰ ਸਿੰਘ ਜੇਜੀ ਤੇ ਕਿਸਾਨਾਂ ਵੱਲੋਂ ਬੀਕੇਯੂ ਡਕੌਂਦਾ ਦੇ ਕਰਮਜੀਤ ਸਿੰਘ ਛੰਨਾ, ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਤੇ ਹੋਰ ਕਿਸਾਨਾਂ ਦਰਮਿਆਨ ਮੀਟਿੰਗ ਹੋਈ, ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਸਸਕਾਰ ਤੋਂ ਪਹਿਲਾਂ ਕਰਨੈਲ ਸਿੰਘ ਦੇ ਵਾਰਸ ਨੂੰ ਦੋ ਲੱਖ ਦਾ ਚੈੱਕ ਦਿੱਤਾ ਜਾਵੇਗਾ ਤੇ ਬਾਕੀ ਤਿੰਨ ਲੱਖ ਦਾ ਚੈੱਕ ਭੋਗ ਮੌਕੇ ਦਿੱਤਾ ਜਾਵੇਗਾ। ਐੱਸਡੀਐੱਮ ਲਤੀਫ਼ ਅਹਿਮਦ ਨੇ ਦਾਅਵਾ ਕੀਤਾ ਕਿ ਸਰਕਾਰੀ ਨੌਕਰੀ ਤੇ ਕਰਜ਼ਾ ਮੁਆਫ਼ੀ ਸਬੰਧੀ ਕੇਸ ਸਰਕਾਰ ਨੂੰ ਭੇਜ ਦਿੱਤੇ ਗਏ ਹਨ।
ਬਾਲੀਆਂ ਦੇ ਇੱਕ ਹੋਰ ਕਿਸਾਨ ਨੇ ਸੰਘਰਸ਼ ਦੇ ਲੇਖੇ ਲਾਈ ਜ਼ਿੰਦਗੀ
ਦਿੱਲੀ ’ਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਪਿੰਡ ਬਾਲੀਆਂ ਦੇ ਕਿਸਾਨ ਬਲਦੇਵ ਸਿੰਘ ਦੀ ਮੌਤ ਹੋ ਗਈ ਹੈ। ਉਸ ਦੇ ਪੁੱਤਰ ਰਘਵੀਰ ਸਿੰਘ ਨੇ ਦੱਸਿਆ ਉਹ 26 ਨਵੰਬਰ ਨੂੰ ਦਿੱਲੀ ਗਿਆ ਸੀ, ਜਿੱਥੇ ਬਿਮਾਰ ਹੋਣ ਮਗਰੋਂ ਉਸ ਦੀ ਮੌਤ ਹੋ ਗਈ ਅਤੇ ਅੱਜ ਪਿੰਡ ਬਾਲੀਆਂ ਵਿੱਚ ਉਸ ਦਾ ਸਸਕਾਰ ਕੀਤਾ ਗਿਆ। ਐੱਸਐੱਚਓ ਸਦਰ ਦੀਪਇੰਦਰ ਸਿੰਘ ਜੇਜੀ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਬਲਦੇਵ ਸਿੰਘ ਦੇ ਪਰਿਵਾਰ ਲਈ ਮੁਆਵਜ਼ਾ ਮੰਗਿਆ ਹੈ।