ਸ਼ਸ਼ੀ ਪਾਲ ਜੈਨ
ਖਰੜ, 2 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਲੋਕ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਬਾਕੀ ਕਾਂਗਰਸੀ ਆਗੂ ਆਪਣੀ ਕੁਰਸੀ ਦੀ ਲੜਾਈ ’ਚ ਲੱਗੇ ਹਨ। ਸੁਖਬੀਰ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਰਹਿਨੁਮਾਈ ਵਿਚ ਗਿਲਕੋ ਇੰਟਰਨੈਸ਼ਨਲ ਸਕੂਲ ਵਿਚ ਸ਼ੁਰੂ ਕੀਤੇ 25 ਬਿਸਤਰਿਆਂ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਲੋਕ ਸਭਾ ਦੇ ਸਾਬਕਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਅਤੇ ਹੋਰ ਆਗੂ ਮੌਜੂਦ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਹਲਕਾ ਇੰਚਾਰਜਾਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਸਹੂਲਤਾਂ ਉਪਲੱਬਧ ਕਰਵਾਉਣ ਲਈ ਚੰਗਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਉਹ ਵੇਖ ਰਹੇ ਹਨ ਕਿ ਪਿਛਲੇ 20 ਦਿਨਾਂ ਤੋਂ ਮੁੱਖ ਮੰਤਰੀ ਦਾ ਕਰੋਨਾ ਸਬੰਧੀ ਕੋਈ ਬਿਆਨ ਨਹੀਂ ਆਇਆ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੀ ਕਰ ਰਹੀ ਹੈ?
ਅੱਜ ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਇਸ ਬਿਮਾਰੀ ਦੀ ਦਵਾਈ ਦੇ ਇੰਜੈਕਸ਼ਨ 60-60 ਹਜ਼ਾਰ ਰੁਪਏ ਵਿਚ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਤਰਾਸਦੀ ਇਹ ਹੈ ਕਿ ਅੱਜ ਪੰਜਾਬ ਦੀ ਜਨਤਾ ਇਸ ਬਿਮਾਰੀ ਵਿਰੁੱਧ ਖੁਦ ਲੜਾਈ ਲੜ ਰਹੀ ਹੈ ਅਤੇ ਪੰਜਾਬ ਸਰਕਾਰ ਆਪਣੀ ਕੁਰਸੀ ਬਚਾਉਣ ਦੀ ਲੜਾਈ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਜਿਹਾ ਮੁੱਖ ਮੰਤਰੀ ਅੱਜ ਤੱਕ ਨਹੀਂ ਦੇਖਿਆ, ਜੋ ਇਸ ਮਹਾਮਾਰੀ ਦੌਰਾਨ ਆਪਣੇ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ।
ਉਨ੍ਹਾਂ ਸਮੂਹ ਕਾਂਗਰਸੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਦਿੱਲੀ ਭੱਜਣ ਦੀ ਬਜਾਏ ਇਹ ਚਾਹੀਦਾ ਸੀ ਕਿ ਜਦੋਂ ਤੱਕ ਕਰੋਨਾ ਦੀ ਮਾਰ ਜਾਰੀ ਹੈ ਉਦੋਂ ਤੱਕ ਤਾਂ ਕਾਂਗਰਸੀ ਆਪਣੀ ਲੜਾਈ ਛੱਡ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਕਿ ਕਾਂਗਰਸੀ ਪੰਜਾਬ ਦੇ ਲੋਕਾਂ ਦੇ ਨਾਲ ਹਨ।
ਕੈਪਟਨ ਵੱਲੋਂ ਲੁਧਿਆਣਾ ’ਚ ਬੱਚਿਆਂ ਦੇ ਕੋਵਿਡ ਸੰਭਾਲ ਵਾਰਡ ਦਾ ਉਦਘਾਟਨ
ਚੰਡੀਗੜ੍ਹ /ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਐੱਮਸੀ ਲੁਧਿਆਣਾ ਵਿੱਚ ਹਸਪਤਾਲ ਅਤੇ ਪੁਲੀਸ ਪਬਲਿਕ ਫਾਊਂਡੇਸ਼ਨ (ਪੀਪੀਐੱਫ) ਵਿਚਾਲੇ ਸਾਂਝੇਦਾਰੀ ਦੀ ਪਹਿਲ ਨਾਲ ਸਥਾਪਤ ਕੀਤੇ 50 ਬਿਸਤਰਿਆਂ ਦੇ ਬੱਚਿਆਂ ਦੇ ਕੋਵਿਡ ਸੰਭਾਲ ਵਾਰਡ ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹੇ ’ਚ ਦੋ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਆਪਸੀ ਸਹਿਮਤੀ ਦਾ ਸਮਝੌਤਾ (ਐੱਮਓਯੂ) ਵੀ ਸਹੀਬੱਧ ਹੋਇਆ, ਜਿਸ ਲਈ 20 ਸਨਅਤਾਂ ਵੱਲੋਂ 1.2 ਕਰੋੜ ਰੁਪਏ ਦਾਨ ਦਿੱਤਾ ਗਿਆ। ਦੋ ਹਸਪਤਾਲਾਂ ਨਾਲ ਸਨਅਤਾਂ ਵੱਲੋਂ ਸਮਝੌਤਾ ਕਰਨ ਵਾਲੇ ਸੀਆਈਆਈ ਦੇ ਸਾਬਕਾ ਪ੍ਰਧਾਨ ਰਾਹੁਲ ਆਹੂਜਾ ਅਨੁਸਾਰ ਇਹ ਦੋ ਪਲਾਂਟ ਸੀਐੱਮਸੀ ਲੁਧਿਆਣਾ ਅਤੇ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਵਿੱਚ ਛੇ ਤੋਂ ਅੱਠ ਹਫਤਿਆਂ ’ਚ ਸਥਾਪਤ ਹੋਣਗੇ। ਸਮਝੌਤੇ ਅਨੁਸਾਰ ਗਰੀਬਾਂ ਨੂੰ ਇਲਾਜ ਲਈ 20 ਫੀਸਦੀ ਆਕਸੀਜਨ ਸਬਸਿਡੀ ’ਤੇ ਮਿਲੇਗੀ।