ਖੇਤਰੀ ਪ੍ਰਤੀਨਿਧ
ਪਟਿਆਲਾ, 6 ਜਨਵਰੀ
ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਨਰਿੰਦਰ ਪਾਲ ਲਾਲ ਦੀ ਅਗਵਾਈ ਹੇਠਾਂ ਇਥੋਂ ਦੇ ਕਈ ਕਾਂਗਰਸੀਆਂ ਨੇ ਮੀਟਿੰਗ ਕਰਕੇ ਹਾਈ ਕਮਾਨ ਤੋਂ ਅਮਰਿੰਦਰ ਸਿੰਘ ਦੇ ਮੁਕਾਬਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱੱਧੂ ਨੂੰ ਉਤਾਰਨ ਦੀ ਮੰਗ ਕਰਦਾ ਮਤਾ ਪਾਸ ਕੀਤਾ ਹੈ। ਇਸ ਮਤੇ ਦੀ ਕਾਪੀ ਅੱਜ ਉਨ੍ਹਾਂ ਨੇ ਸਰਕਟ ਹਾਊਸ ਵਿੱਚ ਪੁੱਜੇ ਕਾਂਗਰਸ ਦੇ ਕੌਮੀ ਸਕੱਤਰ ਹਰਸ਼ ਵਰਧਨ ਅਤੇ ਪਟਿਆਲਾ ਦੇ ਅਬਜ਼ਰਬਰ ਸੰਜੇ ਠਾਕੁਰ ਨੂੰ ਵੀ ਸੌਂਪੀ। ਤਰਕ ਸੀ ਕਿ ਅਮਰਿੰਦਰ ਸਿੰਘ ਨੂੰ ਸਿਰਫ਼ ਨਵਜੋਤ ਸਿੱਧੂ ਹੀ ਹਰਾ ਸਕਦੇ ਹਨ। ਗੌਰਤਲਬ ਹੈ ਕਿ ਨਵਜੋਤ ਸਿੱਧੂ ਦੀ ਰਿਹਾਇਸ਼ ਤਾਂ ਭਾਵੇਂ ਪਟਿਆਲਾ ’ਚ ਹੀ ਹੈ ਪਰ ਉਹ 2004 ਤੋਂ ਅੰਮ੍ਰਿਤਸਰ ਤੋਂ ਹੀ ਚੋਣਾਂ ਲੜਦੇ ਆ ਰਹੇ ਹਨ। ਪਹਿਲਾਂ ਤਿੰਨ ਵਾਰ ਐਮਪੀ ਤੇ ਫੇਰ 2017 ’ਚ ਅੰਮ੍ਰਿਤਸਰ ਤੋਂ ਹੀ ਵਿਧਾਇਕ ਵੀ ਬਣੇ ਹਨ। ਅੱਜ ਪਹਿਲੀ ਵਾਰ ਹੈ ਕਿ ਇਥੋਂ ਦੇ ਕਾਂਗਰਸੀਆਂ ਨੇ ਅਧਿਕਾਰਤ ਤੌਰ ’ਤੇ ਉਨ੍ਹਾਂ ਲਈ ਟਿਕਟ ਦੀ ਮੰਗ ਕੀਤੀ ਹੈ। ਇਸ ਮੌਕੇ ਯੋਗਿੰਦਰ ਯੋਗੀ, ਕੇਕੇ ਸਹਿਗਲ, ਕਿਰਨ ਢਿੱਲੋਂ, ਗੁਰਮੇਲ ਸਿੰਘ ਜੀਕੇ, ਜਸਵਿੰਦਰ ਜਰਗੀਆ ਤੇ ਅਨੁਜ ਤ੍ਰਿਵੇਦੀ ਵੀ ਮੌਜੂਦ ਸਨ। ਪਾਰਟੀ ਆਗੂਆਂ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਟਿਕਟ ਮਿਲਦੀ ਹੈ ਤਾਂ ਦੋਵੇਂ ਉਮੀਦਵਾਰ ਸਿਰੇ ਦੇ ਹੋਣਗੇ। ਪਰ ਅਜੇ ਤੱਕ ਇਥੇ ਕੈਪਟਨ ਨੂੰ ਟੱਕਰ ਦੇਣ ਵਾਲਾ ਕਾਂਗਰਸ ਦਾ ਕੋਈ ਅਧਿਕਾਰਤ ਉਮੀਦਵਾਰ ਸਾਹਮਣੇ ਨਹੀਂ ਆਇਆ ਹੈ। ਉਂਜ 1980 ਤੋਂ 1997 ਤੱਕ ਚਾਰ ਵਾਰ ਪਟਿਆਲਾ ਸ਼ਹਿਰ ਤੋਂ ਚੋਣ ਲੜ ਕੇ ਤਿੰਨ ਵਾਰ ਜਿੱਤੇ ਕੈਬਨਿਟ ਮੰਤਰੀ ਬ੍ਰ੍ਰਹਮ ਮਹਿੰਦਰਾ ਦੇ ਨਾਮ ਦੀ ਵੀ ਕੁਝ ਦਿਨ ਪਹਿਲਾਂ ਚਰਚਾ ਹੋਈ ਸੀ ਪਰ ਉਹ ਦਾਅਵੇਦਾਰ ਹੋਣ ਤੋਂ ਇਨਕਾਰ ਕਰ ਗਏ ਸਨ। ਹੁਣ ਉਹ ਪਟਿਆਲਾ ਦਿਹਾਤੀ ਤੋਂ ਵਿਧਾਇਕ ਹਨ, ਜਿਥੋਂ ਆਗਾਮੀ ਚੋਣ ਲਈ ਉਨ੍ਹਾਂ ਦੇ ਫ਼ਰਜ਼ੰਦ ਮੋਹਿਤ ਮਹਿੰਦਰਾ ਵੱਲੋਂ ਚੋਣ ਲੜੇ ਜਾਣ ਦੀ ਪੂਰੀ ਸੰਭਾਵਨਾ ਹੈ।