ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 26 ਸਤੰਬਰ
ਇੱਥੋਂ ਨੇੜਲੇ ਪਿੰਡ ਕੈਲੇਵਾਂਦਰ (ਨਸੀਬਪੁਰਾ) ਵਿੱਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਦੁੱਖੜੇ ਸੁਣਾਉਣ ਆਏ ਪਿੰਡ ਦੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਪਿੰਡ ਨਸੀਬਪੁਰਾ ਵਿੱਚ ਸਥਿਤ ਡੇਰਾ ਸਿਰਸਾ ਦੀ ਬਰਾਂਚ ਅੰਦਰ ਬੰਦ ਕਰ ਦਿੱਤਾ ਤੇ ਮੁੱਖ ਮੰਤਰੀ ਦੇ ਜਾਣ ਮਗਰੋਂ ਗੇਟ ਖੋਲ੍ਹ ਕੇ ਬਾਹਰ ਕੱਢਿਆ। ਅੰਦਰ ਡੱਕੇ ਕਿਸਾਨਾਂ ਨਾਲ ਬਹੁਤੇ ਕਾਂਗਰਸੀ ਆਗੂ, ਵਰਕਰ ਤੇ ਪਿੰਡਾਂ ਦੇ ਸਰਪੰਚ ਵੀ ਸ਼ਾਮਲ ਸਨ।
ਦਰਅਸਲ ਮੁੱਖ ਮੰਤਰੀ ਨੇ ਪਿੰਡ ਕੈਲੇਵਾਂਦਰ ਨਸੀਬਪੁਰਾ ਦੇ ਕੋਟ ਬਖਤੂ ਰੋਡ ਸਥਿਤ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਜਿਸ ਨਰਮੇ ਦੇ ਖੇਤ ਦਾ ਜਾਇਜ਼ਾ ਲੈਣਾ ਸੀ, ਉਹ ਇੱਥੇ ਬਣੇ ਡੇਰਾ ਸਿਰਸਾ ਬਰਾਂਚ ਦੀ ਚਾਰਦੀਵਾਰੀ ਦੇ ਬਿਲਕੁਲ ਨਾਲ ਸੀ। ਪੁਲੀਸ ਪ੍ਰਸ਼ਾਸਨ ਨੇ ਡੇਰੇ ਦਾ ਮੁੱਖ ਤੇ ਪਿਛਲਾ ਦੋਵੇਂ ਗੇਟ ਇਹ ਕਹਿ ਕੇ ਬੰਦ ਕਰ ਦਿੱਤੇ ਕਿ ਮੁੱਖ ਮੰਤਰੀ ਜਾਇਜ਼ਾ ਲੈਣ ਮਗਰੋਂ ਉਨ੍ਹਾਂ ਨੂੰ ਇੱਥੇ ਹੀ ਮਿਲਣਗੇ। ਪੁਲੀਸ ਨੇ ਕਿਸੇ ਨੂੰ ਵੀ ਡੇਰੇ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ। ਗੇਟ ਖੋਲ੍ਹਣ ’ਤੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਪਤਾ ਲੱਗਿਆ ਕਿ ਮੁੱਖ ਮੰਤਰੀ ਤਾਂ ਦੌਰਾ ਕਰ ਕੇ ਮੁੜ ਵੀ ਗਏ ਹਨ। ਇਸ ਮੌਕੇ ਭਾਵੇਂ ਪਿੰਡਾਂ ਦੇ ਸਰਪੰਚ ਤੇ ਕਾਂਗਰਸੀ ਵਰਕਰ ਤਾਂ ਚੁੱਪ ਕਰ ਗਏ ਪਰ ਰੋਹ ’ਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਸੀ ਪਰ ਜੇਕਰ ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਨੇ ਕਿਸਾਨਾਂ ਦੇ ਦੁੱਖੜੇ ਹੀ ਨਹੀਂ ਸੁਣਨੇ ਸੀ ਤਾਂ ਫਿਰ ਉਹ ਆਏ ਕਿਸੇ ਲਈ ਸੀ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਤੇ ਉਹ ਆਮ ਆਦਮੀ ਵਾਂਗ ਵਿਚਰਨਗੇ ਪਰ ਦੂਜੇ ਪਾਸੇ ਲੋਕਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ। ਇਸ ਮਗਰੋਂ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ।