ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜਨਵਰੀ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ਮਗਰੋਂ ਸਰਕਾਰੀ ਆਦਮਨ ਵਧਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ ਪਰ ਪੰਜਾਬ ’ਤੇ ਰਾਜ ਕਰਨ ਵਾਲੇ ਆਗੂਆਂ ਦਾ ਖ਼ਜ਼ਾਨਾ ਅਤੇ ਜਾਇਦਾਦ ਵਧਦੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਅਤੇ ਪੰਜਾਬ ਦੀ ਆਬਾਦੀ ਵੀ ਤਿੰਨ ਕਰੋੜ ਹੈ। ਇਸ ਤਰ੍ਹਾਂ ਹਰੇਕ ਪੰਜਾਬੀ ਦੇ ਸਿਰ ਇੱਕ ਲੱਖ ਦਾ ਕਰਜ਼ਾ ਹੈ, ਭਾਵ ਕਿ ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਕਰਜ਼ਈ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦੇ ਰਹੇ ਹਨ ਤਾਂ ਸੂਬਾ ਕਰਜ਼ਈ ਕਿਵੇਂ ਹੋਇਆ। ਮਾਨ ਨੇ ਕਿਹਾ ਕਿ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਨੂੰ ਉਤਾਰਨ ਦੇ ਨਾਲ-ਨਾਲ ਖੇਤੀਬਾੜੀ ਦੇ ਵਿਕਾਸ, ਉਦਯੋਗਾਂ ਦੀ ਤਰੱਕੀ ਸਮੇਤ ਸਰਕਾਰੀ ਸਿੱਖਿਆ ਤੇ ਇਲਾਜ ਲਈ ਲੋਕਪੱਖੀ ਨੀਤੀਆਂ ਤਿਆਰ ਕਰ ਲਈਆਂ ਹਨ। ‘ਆਪ’ ਆਗੂ ਕਿਹਾ ਕਿ ਪੰਜਾਬ ਦੇ 1 ਲੱਖ 68 ਹਜ਼ਾਰ ਕਰੋੜ ਦੇ ਖਜ਼ਾਨੇ ਵਿੱਚੋਂ ਹਰ ਸਾਲ 30 ਤੋਂ 35 ਹਜ਼ਾਰ ਕਰੋੜ ਰੁਪਏ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਹੀਂ ਲੁੱਟੇ ਜਾ ਰਹੇ ਹਨ, ਜਿਸ ਨੂੰ ‘ਆਪ’ ਦੀ ਸਰਕਾਰ ਪਹਿਲੇ ਹੱਲੇ ਬੰਦ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੇਂਦਰ ਸਰਕਾਰ ਸਮੇਤ ਹੋਰ ਭਾਰਤੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।