ਜਸਵੰਤ ਜੱਸ
ਫ਼ਰੀਦਕੋਟ, 4 ਫ਼ਰਵਰੀ
ਕਾਂਗਰਸ ਨੇ ਕਰੀਬ ਤਿੰਨ ਦਹਾਕਿਆਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਅਤੇ ਜੈਤੋ ਤੋਂ ਸਥਾਨਕ ਕਾਂਗਰਸੀਆਂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਹਾਈ ਕਮਾਂਡ ਦੇ ਇਸ ਫੈਸਲੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਵਿੱਚ ਚੱਲ ਰਹੀ ਅੰਦਰੂਨੀ ਕਸ਼ਮਕਸ਼ ਲਗਪਗ ਖ਼ਤਮ ਹੋ ਗਈ ਹੈ। ਕੋਟਕਪੂਰਾ ਵਿਧਾਨ ਸਭਾ ਹਲਕੇ ਵਿੱਚ 1995 ਤੋਂ ਬਾਅਦ ਸਥਾਨਕ ਕਾਂਗਰਸੀ ਆਗੂ ਨੂੰ ਕਦੇ ਕੋਈ ਟਿਕਟ ਨਹੀਂ ਦਿੱਤੀ ਗਈ। ਹਮੇਸ਼ਾ ਬਾਹਰਲੇ ਜ਼ਿਲ੍ਹਿਆਂ ਤੋਂ ਉਮੀਦਵਾਰ ਉਤਾਰੇ ਜਾਂਦੇ ਸਨ, ਜਿਸ ਤੋਂ ਸਥਾਨਕ ਕਾਂਗਰਸੀ ਖਾਸੇ ਨਿਰਾਸ਼ ਚੱਲ ਰਹੇ ਸਨ। ਇਸ ਵਾਰ ਪਾਰਟੀ ਨੇ ਇੱਥੋਂ ਸਥਾਨਕ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ।
ਇਸੇ ਤਰ੍ਹਾਂ ਜੈਤੋ ਵਿਧਾਨ ਸਭਾ ਹਲਕਾ, ਜੋ ਪਹਿਲਾਂ ਪੰਜਗਰਾਈਂ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿੱਚ ਵੀ 1995 ਤੋਂ ਲੈ ਕੇ ਹੁਣ ਤੱਕ ਕਾਂਗਰਸ ਨੇ ਸਥਾਨਕ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਸੀ ਪਰ ਇਸ ਵਾਰ ਜੈਤੋ ਦੇ ਆਗੂ ਦਰਸ਼ਨ ਸਿੰਘ ਢਿੱਲਵਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਦੋਹਾਂ ਵਿਧਾਨ ਸਭਾ ਹਲਕਿਆਂ ਵਿੱਚ ਟਿਕਟਾਂ ਲੈਣ ਲਈ ਬਾਹਰਲੇ ਜ਼ਿਲ੍ਹਿਆਂ ਦੇ ਉਮੀਦਵਾਰ ਕਾਫੀ ਸਰਗਰਮ ਸਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਸਥਾਨਕ ਆਗੂਆਂ ਨੂੰ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਨੇ ਇੱਕਮੁੱਠ ਹੋਣ ਦਾ ਦਾਅਵਾ ਕੀਤਾ ਹੈ। ਕਾਂਗਰਸ ਦੇ ਸੂਬਾ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਗੋਇਲ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨੇ ਕਾਂਗਰਸੀ ਉਮੀਦਵਾਰ ਇੱਕ-ਦੂਜੇ ਲਈ ਚੋਣ ਪ੍ਰਚਾਰ ਕਰ ਰਹੇ ਹਨ। ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਕੋਟਕਪੂਰਾ ਵਿੱਚ ਅਜੈਪਾਲ ਸਿੰਘ ਸੰਧੂ ਤੇ ਜੈਤੋ ਵਿੱਚ ਦਰਸ਼ਨ ਸਿੰਘ ਢਿੱਲਵਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੋਟਕਪੂਰੇ ਦੇ ਉਮੀਦਵਾਰ ਅਜੈਪਾਲ ਸਿੰਘ ਸੰਧੂ ਜੈਤੋ ਵਿਚਲੇ ਉਮੀਦਵਾਰ ਲਈ ਪ੍ਰਚਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਫਰੀਦਕੋਟ ਵਿੱਚ ਵੀ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਜਾਣਗੇ।