ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਗਸਤ
ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਮਾਮਲੇ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰਾਂ ਵੱਲੋਂ ਗਵਰਨਰ ਨੂੰ ਮਿਲ ਕੇ ਸੀ.ਬੀ.ਆਈ ਜਾਂਚ ਕਰਵਾਉਣ ਤੇ ਇਸ ਮਾਮਲੇ ਵਿਚ ਆਪਣੀ ਹੀ ਸਰਕਾਰ ਅਤੇ ਪਾਰਟੀ ਪ੍ਰਧਾਨ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਕਾਂਗਰਸ ਦੀ ਲੜਾਈ ਹੁਣ ਖੁੱਲ੍ਹ ਕੇ ਸੜਕਾਂ ’ਤੇ ਆ ਗਈ ਹੈ ਅਤੇ ਨਿੱਤ ਦਿਹਾੜੇ ਵੱਖ ਵੱਖ ਸ਼ਹਿਰਾਂ ਦੇ ਕਾਂਗਰਸੀ ਨੇਤਾ ਸੰਸਦ ਮੈਂਬਰ ਸਮਸ਼ੇਰ ਸਿੰਘ ਦੂਲੋਂ ਦੇ ਘਰ ਦਾ ਘਿਰਾਓ ਕਰਨ ਪੁੱਜ ਰਹੇ ਹਨ। ਇਸੇ ਤਹਿਤ ਅੱਜ ਤੀਜੀ ਵਾਰ ਬਲਾਕ ਕਾਂਗਰਸ ਦੇ ਪ੍ਰਧਾਨ ਜਤਿੰਦਰ ਪਾਠਕ ਦੀ ਅਗਵਾਈ ਹੇਠ ਕਾਂਰਗਸੀ ਆਗੂ ਸਮਰਾਲਾ ਰੋਡ ਤੋਂ ਪੈਦਲ ਸ੍ਰੀ ਦੂਲੋਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦੇ ਘਰ ਪੁੱਜੇ, ਜਿੱਥੇ ਪੁਲੀਸ ਨੇ ਪਹਿਲਾਂ ਹੀ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਵਾਪਸ ਭੇਜਿਆ। ਇਸ ਮੌਕੇ ਉਨ੍ਹਾਂ ਦੇ ਹੱਥਾਂ ਵਿਚ ਤਖ਼ਤੀਆਂ ਸਨ ਜਿਸ ’ਤੇ ਦੂਲੋਂ ਨੂੰ ਭਾਜਪਾ ਤੇ ਆਪ ਦਾ ਏਜੰਟ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਸ਼ਲਾਘਾ ਕੀਤੀ ਗਈ ਸੀ।
ਇਸ ਮੌਕੇ ਬੋਲਦਿਆਂ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਜਿਨ੍ਹਾਂ ਨੂੰ ਪਾਰਟੀ ਨੇ ਅੱਜ ਤੱਕ ਬੜੇ ਅਹਿਮ ਅਹੁਦੇ ਪ੍ਰਦਾਨ ਕੀਤੇ ਉਹ ਅੱਜ ਪਾਰਟੀ ਦਾ ਅਕਸ ਖ਼ਰਾਬ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਏਜੰਡਾ ਸਹੀ ਹੈ ਅਤੇ ਪੁਲੀਸ ਨੂੰ ਅਜਿਹੀਆਂ ਸ਼ਰਾਬ ਫੈਕਟਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੀ.ਬੀ.ਆਈ ਜਾਂਚ ਤੋਂ ਕੋਈ ਤਕਲੀਫ਼ ਨਹੀਂ ਹੈ, ਪ੍ਰੰਤੂ ਉਪਰੋਕਤ ਆਗੂਆਂ ਵੱਲੋਂ ਪਾਰਟੀ ਖਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਸ੍ਰੀ ਪਾਠਕ ਨੇ ਕਿਹਾ ਕਿ ਸ੍ਰੀ ਦੂਲੋਂ ਪਾਰਟੀ ਵਰਕਰਾਂ ਦਾ ਮਨੋਬਲ ਡੇਗ ਰਹੇ ਹਨ ਅਤੇ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਹੇਠ ਇਹ ਘਿਰਾਓ ਲਗਾਤਾਰ ਜਾਰੀ ਰਹੇਗਾ।