ਦਵਿੰਦਰ ਸਿੰਘ ਭੰਗੂ
ਰਈਆ, 11 ਦਸੰਬਰ
ਕਰਜ਼ੇ ਵਿੱਚ ਡੁੱਬੇ ਸੂਬੇ ਨੂੰ 2022 ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਪੰਜਾਬ ਮਾਡਲ ਲਾਗੂ ਕਰਕੇ ਸੰਕਟ ਵਿੱਚੋਂ ਬਾਹਰ ਕੱਢਿਆ ਜਾਵੇਗਾ। ਇਹ ਦਾਅਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮਿਸ਼ਨ 2022 ਦੀ ਕਾਮਯਾਬੀ ਲਈ ਹਲਕਾ ਬਾਬਾ ਬਕਾਲਾ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਹੱਕ ਵਿੱਚ ਰੱਖੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸਥਾਨਕ ਤਾਰਾਂ ਵਾਲੇ ਗਰਾਊਂਡ ਵਿੱਚ ਕਰਵਾਈ ਗਈ ਇਸ ਕਾਨਫ਼ਰੰਸ ਵਿੱਚ ਸ੍ਰੀ ਸਿੱਧੂ ਨੇ ਸਤਿੰਦਰਜੀਤ ਛੱਜਲਵੱਡੀ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਇਸ ਵਾਰ ਛੱਜਲਵੱਡੀ ਵਰਗੇ ਇਮਾਨਦਾਰ ਬੰਦੇ ਸਰਕਾਰ ਦਾ ਹਿੱਸਾ ਬਣਾਏ ਜਾਣਗੇ। ਉਨ੍ਹਾਂ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੇਜਰੀਵਾਲ ਸਾਢੇ ਚਾਰ ਸਾਲਾਂ ਤੱਕ ਕਿਥੇ ਸੀ, ਜੋ ਹੁਣ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਕੀਤਾ ਕਿ ਉਨ੍ਹਾਂ ਪਿਛਲੇ ਸਾਲ ਵੀ ਕਿਹਾ ਸੀ ਕਿ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜਦਕਿ ਪੰਜਾਬ ਸਰਕਾਰ ਦੇ ਸਿਰ ਪਹਿਲਾਂ ਹੀ ਕਰਜ਼ੇ ਦੀ ਵੱਡੀ ਰਕਮ ਖੜ੍ਹੀ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤੇ ਇੱਕ ਲੱਖ ਚਾਲੀ ਹਜ਼ਾਰ ਕਰੋੜ ਦਾ ਸਾਲਾਨਾ ਖਰਚਾ ਹੈ। ਇਸ ਵਿਚੋਂ ਪੱਚੀ ਹਜ਼ਾਰ ਕਰੋੜ ਪਿਛਲੇ ਕਰਜ਼ੇ ਦਾ ਵਿਆਜ ਦੇਣ ਵਿੱਚ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਬਣਾ ਕੇ ਸ਼ਰਾਬ ਤੇ ਰੇਤ ਦੀ ਵਿਕਰੀ ਦਾ ਕਾਰੋਬਾਰ ਸਰਕਾਰ ਆਪਣੇ ਹੱਥ ਵਿੱਚ ਲਏਗੀ, ਜਿਸ ਨਾਲ ਚੋਰ ਮੋਰੀਆਂ ਰਾਹੀਂ ਪ੍ਰਾਈਵੇਟ ਸੈਕਟਰ ਦੀਆਂ ਜੇਬਾਂ ਵਿੱਚ ਜਾਣ ਵਾਲੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਆਵੇਗੀ।
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਕਿਰਪਾ ਨਾਲ ਅਸੀਂ ਕਰਤਾਰਪੁਰ ਕੌਰੀਡੋਰ ਖੋਲ੍ਹਣ ਵਿੱਚ ਸਫ਼ਲ ਹੋਏ ਹਾਂ। ਇਸੇ ਤਰ੍ਹਾਂ ਪੰਜਾਬ ਨੂੰ ਵੀ ਇਸ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਕਾਮਯਾਬ ਹੋਵਾਂਗੇ। ਇਸ ਕਾਨਫਰੰਸ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਕਰਵਾਈ ਗਈ ਸੀ। ਇਸ ਮੌਕੇ ਸ੍ਰੀ ਡਿੰਪਾ ਨੇ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਅਡਾਨੀ ਨੂੰ ਦੇਣ ਦੀ ਤਿਆਰੀ ਵਿੱਚ ਹੈ, ਜੋ ਕਿਸੇ ਹਾਲ ’ਚ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਹਲਕੇ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੀ ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਹਨ ਤੇ ਅੱਜ ਦੀ ਰੈਲੀ ਮਗਰੋਂ ਦੋਵੇਂ ਧੜਿਆਂ ਵਿੱਚ ਟਿਕਟ ਪ੍ਰਾਪਤੀ ਲਈ ਖਿੱਚੋਤਾਣ ਸ਼ੁਰੂ ਹੋ ਗਈ ਹੈ।