ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 8 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵੱਲੋਂ ਸ਼ੁਰੂ ਕੀਤੀ ‘ਭਾਰਤ ਜੋੜੋ ਯਾਤਰਾ’ ਕਾਂਗਰਸ ਪਾਰਟੀ ਨੂੰ ਨਹੀਂ ਬਚਾ ਸਕੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਲੋਕਾਂ ਨੂੰ ਵੰਡ ਕੇ ਵੱਖ-ਵੱਖ ਸੂਬਿਆਂ ’ਚ ਸੱਤਾ ਹਾਸਲ ਕਰਦੀ ਰਹੀ ਹੈ ਤੇ ਹੁਣ 75 ਸਾਲਾਂ ਬਾਅਦ ਉਸ ਨੂੰ ਭਾਰਤ ਨੂੰ ਇੱਕਜੁੱਟ ਕਰਨ ਦੀ ਯਾਦ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਕਥਿਤ ਗਲਤ ਨੀਤੀਆਂ ਕਾਰਨ ਅੱਜ ਕਾਂਗਰਸ ਇੱਕ ਜਾਂ ਦੋ ਰਾਜਾਂ ਤੱਕ ਹੀ ਸਿਮਟ ਗਈ ਹੈ ਅਤੇ ਜਲਦੀ ਹੀ ਭਾਰਤੀ ਕਾਂਗਰਸ ਮੁਕਤ ਹੋ ਜਾਵੇਗਾ। ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਵੀ ਕੀਤੀ। ਚੰਦੂਮਾਜਰਾ ਤੇ ਚੀਮਾ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਧੋਖਾ ਕੀਤਾ, ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਵੀ ਨਹੀਂ ਦਿੱਤਾ। ਐਸ.ਵਾਈ.ਐਲ ਦੇ ਅਹਿਮ ਮੁੱਦੇ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੀ, ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਵੇਗਾ।