ਚਰਨਜੀਤ ਭੁੱਲਰ
ਚੰਡੀਗੜ੍ਹ, 16 ਜੁਲਾਈ
ਪੰਜਾਬ ਕਾਂਗਰਸ ’ਚ ਬਣੀ ਖਿੱਚੋਤਾਣ ਦਰਮਿਆਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਦਿੱਲੀ ’ਚ ਮੁਲਾਕਾਤ ਕੀਤੀ। ਉਧਰ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਏ ਜਾਣ ਦੀ ਚਰਚਾ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਿੱਧੂ ਦੀ ਸੰਭਾਵੀ ਨਿਯੁਕਤੀ ਬਾਰੇ ਸੁਆਲ ਖੜ੍ਹੇ ਕੀਤੇ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਪੱਤਰ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਜੇਕਰ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਮੌਕੇ ਪਾਰਟੀ ਦੇ ਸੀਨੀਅਰ ਤੇ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਨਾ ਸਿਰਫ ਪਾਰਟੀ ਵਿੱਚ ਫੁੱਟ ਪਏਗੀ ਬਲਕਿ ਅਗਾਮੀ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵੀ ਝਟਕਾ ਲੱਗੇਗਾ।
ਦਿੱਲੀ ’ਚ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਨਵਜੋਤ ਸਿੱਧੂ ਨੂੰ ਸਪੱਸ਼ਟ ਸੰਕੇਤ ਦਿੱਤੇ ਗਏ ਹਨ ਜਿਸ ਮਗਰੋਂ ਉਹ ਸੰਤੁਸ਼ਟ ਨਜ਼ਰ ਆਏ ਪ੍ਰੰਤੂ ਉਨ੍ਹਾਂ ਮੀਡੀਆ ’ਚ ਕੋਈ ਟਿੱਪਣੀ ਨਹੀਂ ਕੀਤੀ। ਬੀਤੇ ਕੱਲ੍ਹ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਸਿਆਸੀ ਗੁਬਾਰ ਨੇ ਪੰਜਾਬ ਦੀ ਸਿਆਸਤ ਦਾ ਪਾਰਾ ਯੱਕਦਮ ਚੜ੍ਹਾ ਦਿੱਤਾ ਸੀ। ਕੋਈ ਨਬਿੇੜਾ ਹੋਣ ਤੋਂ ਪਹਿਲਾਂ ਹੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਾ ਧੜਾ ਆਪੋ-ਆਪਣੇ ਦਾਅ-ਪੇਚ ਖੇਡਣ ਲੱਗ ਪਿਆ ਸੀ। ਪੰਜਾਬ ਦੇ ਸਿਆਸੀ ਹਲਕਿਆਂ ਵਿਚ ਅੱਜ ਹਾਈਕਮਾਨ ਵੱਲੋਂ ਪ੍ਰਧਾਨਗੀ ਦੇ ਐਲਾਨ ਨੂੰ ਲੈ ਕੇ ਸਿਆਸੀ ਸ਼ਗੂਫੇ ਚੱਲਦੇ ਰਹੇ ਪਰ ਅੱਜ ਏਨਾ ਮੋੜਾ ਵੇਖਣ ਨੂੰ ਨਜ਼ਰ ਪਿਆ ਕਿ ਦੋਵੇਂ ਧੜਿਆਂ ਵੱਲੋਂ ਜਨਤਕ ਤੌਰ ’ਤੇ ਕੋਈ ਕਿਲਾਬੰਦੀ ਉਸਾਰਨ ਤੋਂ ਗੁਰੇਜ਼ ਕੀਤਾ ਗਿਆ। ਸਿੱਧੂ ਖੇਮੇ ਦੇ ਅਗਾਊਂ ਹੀ ਪੱਬਾਂ ਭਾਰ ਹੋਣ ਦਾ ਹਾਈਕਮਾਨ ਨੇ ਨੋਟਿਸ ਲਿਆ ਸੀ। ਵੇਰਵਿਆਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਅੱਜ ਦਿੱਲੀ ਵਿਚ ਫੌਰੀ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਹਾਈਕਮਾਨ ਇੱਕ ਤਰ੍ਹਾਂ ਨਾਲ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਾ ਚੁੱਕਾ ਹੈ ਪ੍ਰੰਤੂ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਪਤਾ ਲੱਗਾ ਹੈ ਕਿ ਅੱਜ ਦੇ ਫੈਸਲੇ ਬਾਰੇ ਮੁੱਖ ਮੰਤਰੀ ਨੂੰ ਭਰੋਸੇ ਵਿਚ ਲੈਣ ਅਤੇ ਪੰਜਾਬ ਵਜ਼ਾਰਤ ਦੇ ਸੰਭਾਵੀ ਵਾਧੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਭਲਕੇ ਸ਼ਨਿਚਰਵਾਰ ਨੂੰ ਹਰੀਸ਼ ਰਾਵਤ ਚੰਡੀਗੜ੍ਹ ਆ ਰਹੇ ਹਨ। ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਅੱਜ ਕਰੀਬ ਸਵਾ ਗਿਆਰਾਂ ਵਜੇ ਨਵਜੋਤ ਸਿੱਧੂ ਮੁਲਾਕਾਤ ਲਈ ਪੁੱਜ ਗਏ ਸਨ। ਇਸ ਮੀਟਿੰਗ ਵਿਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੌਜੂਦ ਰਹੇ ਜਦੋਂ ਕਿ ਪ੍ਰਿਯੰਕਾ ਯੂਪੀ ਦੇ ਦੌਰੇ ’ਤੇ ਹੋਣ ਕਰਕੇ ਗੈਰਹਾਜ਼ਰ ਸਨ। ਸੂਤਰਾਂ ਅਨੁਸਾਰ ਕਰੀਬ ਪੌਣਾ ਘੰਟਾ ਚੱਲੀ ਮੀਟਿੰਗ ਵਿਚ ਨਵਜੋਤ ਸਿੱਧੂ ਨੂੰ ਨਵੀਂ ਖੁਸ਼ਖਬਰੀ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ ਪ੍ਰੰਤੂ ਜਿਨ੍ਹਾਂ ਸਮਾਂ ਫੈਸਲਾ ਜਨਤਕ ਨਹੀਂ ਹੋ ਜਾਂਦਾ ਹੈ, ਉਸ ਸਮੇਂ ਤੱਕ ਕੁਝ ਵੀ ਸੰਭਵ ਹੈ। ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਸਿੱਧੂ ਤੋਂ ਪਹਿਲਾਂ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਨਰਿੰਦਰ ਸਿੰਘ ਭਾਂਬਰੀ ਵੱਲੋਂ ਮੁੱਖ ਮੰਤਰੀ ਦਾ ਬੰਦ ਲਿਫਾਫੇ ਵਾਲਾ ਪੱਤਰ ਸੋਨੀਆ ਗਾਂਧੀ ਨੂੰ ਸੌਂਪੇ ਜਾਣ ਦੇ ਚਰਚੇ ਹਨ। ਸੂਤਰਾਂ ਅਨੁਸਾਰ ਅੱਜ ਕਾਂਗਰਸ ਪ੍ਰਧਾਨ ਨੇ ਮੀਟਿੰਗ ਵਿਚ ਨਵਜੋਤ ਸਿੱਧੂ ਨੂੰ ਨਸੀਹਤ ਦੇ ਕੇ ਭੇਜਿਆ ਹੈ ਕਿ ਜਿਨ੍ਹਾਂ ਸਮਾਂ ਪ੍ਰਧਾਨਗੀ ਦੇ ਅਹੁਦੇ ਦਾ ਰਸਮੀ ਐਲਾਨ ਨਹੀਂ ਹੋ ਜਾਂਦਾ, ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਨਾ ਕਰਨ ਜਿਸ ਨਾਲ ਪਾਰਟੀ ਦੇ ਅਕਸ ’ਤੇ ਮਾੜਾ ਪ੍ਰਭਾਵ ਪੈਂਦਾ ਹੋਵੇ। ਪਤਾ ਲੱਗਾ ਹੈ ਕਿ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਨੂੰ ਅਗਲੇ ਐਲਾਨ ਤੱਕ ਮੀਡੀਆ ਨਾਲ ਗੱਲ ਕਰਨ ਤੋਂ ਵੀ ਗੁਰੇਜ਼ ਕਰਨ ਲਈ ਆਖਿਆ ਹੈ। ਉਨ੍ਹਾਂ ਅੱਜ ਕੋਈ ਟਵੀਟ ਵੀ ਨਹੀਂ ਕੀਤਾ ਹੈ। ਬੇਸ਼ੱਕ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਝ ਕਾਂਗਰਸੀ ਵਿਧਾਇਕ ਦੁਪਹਿਰ ਦੇ ਖਾਣੇ ’ਤੇ ਇਕੱਠੇ ਹੋਏ ਪ੍ਰੰਤੂ ਸਿੱਧੂ ਖੇਮੇ ਦੇ ਹਰ ਆਗੂ ਨੇ ਹਾਈਕਮਾਨ ਦਾ ਫੈਸਲਾ ਪ੍ਰਵਾਨ ਹੋਣ ਦੀ ਗੱਲ ਆਖੀ। ਇਸੇ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਇਹੋ ਕਿਹਾ ਕਿ ਜੋ ਹਾਈਕਮਾਨ ਦਾ ਫੈਸਲਾ ਹੋਵੇਗਾ, ਸਿਰ ਮੱਥੇ ਪ੍ਰਵਾਨ ਹੋਵੇਗਾ। ਅਮਰਿੰਦਰ ਅਤੇ ਨਵਜੋਤ ਸਿੱਧੂ ਦੇ ਖੇਮਿਆਂ ਦੀ ਟੇਕ ਹੁਣ ਪੂਰੀ ਤਰ੍ਹਾਂ ਨਾਲ ਹਾਈਕਮਾਨ ’ਤੇ ਹੈ। ਵਿਧਾਇਕ ਕੁਸ਼ਲਦੀਪ ਢਿੱਲੋਂ, ਰਾਜਾ ਵੜਿੰਗ ਅਤੇ ਲਖਬੀਰ ਲੱਖਾ ਆਦਿ ਨੇ ਵੀ ਹਾਈਕਮਾਨ ਦਾ ਫੈਸਲਾ ਪ੍ਰਵਾਨ ਹੋਣ ਦੀ ਗੱਲ ਆਖੀ।
ਸਭ ਨੂੰ ਰਲ ਕੇ ਚੱਲਣਾ ਪਵੇਗਾ: ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਸੋਨੀਆ ਗਾਂਧੀ ਨਾਲ ਮੀਟਿੰਗ ਮਗਰੋਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਮਾਮਲੇ ਵਿਚ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਦੇ ਦਿੱਤੀ ਹੈ। ਹੁਣ ਜਦੋਂ ਵੀ ਕੋਈ ਫੈਸਲਾ ਹੋਵੇਗਾ ਤਾਂ ਉਸ ਤੋਂ ਜਾਣੂ ਕਰਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ’ਚ ਕੁਝ ਫੈਸਲੇ ਲੈਣੇ ਪੈਂਦੇ ਹਨ ਅਤੇ ਇਹ ਫੈਸਲੇ ਪਾਰਟੀ ਲੀਡਰਸ਼ਿਪ ਲਵੇਗੀ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਜਿੱਤਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ।
ਮਨੀਸ਼ ਤਿਵਾੜੀ ਵੱਲੋਂ ਹਾਈਕਮਾਨ ਨੂੰ ਸੁਝਾਅ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਹਾਈਕਮਾਨ ਨੂੰ ਚੇਤੇ ਕਰਾਇਆ ਹੈ ਕਿ ਪੰਜਾਬ ਵਿਕਾਸਮੁਖੀ ਅਤੇ ਧਰਮ ਨਿਰਪੱਖ ਸੂਬਾ ਹੈ ਅਤੇ ਬਰਾਬਰੀ ਦੇ ਸਮਾਜਿਕ ਨਿਆਂ ਦੀ ਬੁਨਿਆਦ ਹੈ। ਉਨ੍ਹਾਂ ਕਾਂਗਰਸ ਦੀ ਪ੍ਰਧਾਨਗੀ ਲਈ ਗ਼ੈਰ-ਜੱਟ ਸਿੱਖ ਵਰਗ ਦਾ ਖਿਆਲ ਰੱਖਣ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਹਿੰਦੂ-ਸਿੱਖਾਂ ਵਿਚ ਨਹੁੰ-ਮਾਸ ਦਾ ਰਿਸ਼ਤਾ ਹੋਣ ਦੀ ਗੱਲ ਕਰਦਿਆਂ ਹਰ ਧਾਰਮਿਕ ਭਾਈਚਾਰੇ ਦੀ ਪੰਜਾਬ ਵਿਚ ਆਬਾਦੀ ਹੋਣ ਦਾ ਗਰਾਫ ਵੀ ਸਾਂਝਾ ਕੀਤਾ ਹੈ।