ਚਰਨਜੀਤ ਭੁੱਲਰ
ਚੰਡੀਗੜ੍ਹ, 16 ਸਤੰਬਰ
ਪੰਜਾਬ ਕਾਂਗਰਸ ਵਿਚ ਕੁੱਝ ਦਿਨਾਂ ਦੀ ਸ਼ਾਂਤੀ ਮਗਰੋਂ ਮੁੜ ਤੋਂ ਬਾਗ਼ੀ ਸੁਰਾਂ ਉੱਠਣ ਲੱਗੀਆਂ ਹਨ| ਪੰਜਾਬ ਦੇ ਕਰੀਬ 40 ਵਿਧਾਇਕਾਂ ਵੱਲੋਂ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖੇ ਜਾਣ ਦੇ ਚਰਚੇ ਹਨ। ਵਿਧਾਇਕਾਂ ਨੇ ਚਿੱਠੀ ਵਿਚ ਫ਼ੌਰੀ ਵਿਧਾਇਕ ਦਲ ਦੀ ਮੀਟਿੰਗ ਸੱਦਣ ਦੀ ਮੰਗ ਉਠਾਈ ਹੈ| ਪਤਾ ਲੱਗਾ ਹੈ ਕਿ ਐਤਕੀ ਚਿੱਠੀ ਲਿਖਣ ਵਿਚ ਮਾਝੇ ’ਚੋਂ ਪਹਿਲ ਨਹੀਂ ਹੋਈ ਹੈ ਬਲਕਿ ਕੁੱਝ ਗੁਪਤ ਸੁਰਾਂ ਨੇ ਵੀ ਇਸ ਮਾਮਲੇ ’ਚ ਅੱਗੇ ਕਦਮ ਵਧਾਏ ਹਨ| ਅਹਿਮ ਸੂਤਰਾਂ ਅਨੁਸਾਰ ਵਿਧਾਇਕਾਂ ਵੱਲੋਂ ਪਾਰਟੀ ਹਾਈਕਮਾਨ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਕਰਨ ਦੀ ਮੰਗ ਉਠਾਈ ਗਈ ਹੈ| ਪਿਛਲੇ ਕੁਝ ਦਿਨਾਂ ਤੋਂ ਭਾਵੇਂ ਕਿ ਪੰਜਾਬ ਕਾਂਗਰਸ ਦਾ ਕਲੇਸ਼ ਬਾਹਰੋਂ ਦੇਖਣ ਨੂੰ ਸ਼ਾਂਤ ਲੱਗ ਰਿਹਾ ਸੀ ਪਰ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਿਆਸੀ ਬੇੜੀ ਡੋਲਦੀ ਦੇਖ ਕੇ ਕਾਂਗਰਸੀ ਵਿਧਾਇਕ ਅੰਦਰੋਂ ਸਿਆਸੀ ਉਬਾਲੇ ਖਾ ਰਹੇ ਸਨ| ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਧੜਿਆਂ ਵਿਚਾਲੇ ਕੋਈ ਠੋਸ ਸ਼ਾਂਤੀ ਵਾਰਤਾ ਵੀ ਨਹੀਂ ਕਰਵਾਈ ਸੀ| ਬੇਸ਼ੱਕ ਸਰਕਾਰ ਤੇ ਪਾਰਟੀ ਵਿਚਾਲੇ ਤਾਲਮੇਲ ਲਈ ਕਮੇਟੀ ਵੀ ਬਣਾਈ ਗਈ ਸੀ ਪਰ ਇਸ ਕਮੇਟੀ ਦੀ ਪਲੇਠੀ ਮੀਟਿੰਗ ਵੀ ਨਹੀਂ ਹੋ ਸਕੀ ਹੈ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਠੰਢਾ ਛਿੜਕਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ| ਮੁੱਖ ਮੰਤਰੀ ਖ਼ਿਲਾਫ਼ ਬਾਗ਼ੀ ਸੁਰ ਰੱਖਣ ਵਾਲੇ ਵਜ਼ੀਰ ਵੀ ਇੱਕ ਵਾਰ ਤਾਂ ਚੁੱਪ ਹੋ ਕੇ ਬੈਠ ਗਏ ਸਨ ਪਰ ਹੁਣ ਸਮਝਿਆ ਇਹ ਜਾ ਰਿਹਾ ਹੈ ਕਿ ਮਾਝੇ ਦੇ ਵਜ਼ੀਰਾਂ ਨੇ ਵੀ ਚਿੱਠੀ ਲਿਖਣ ਵਿਚ ਭੂਮਿਕਾ ਨਿਭਾਈ ਹੈ| ਇਸ ਚਿੱਠੀ ਨੇ ਕਾਂਗਰਸ ਵਿਚ ਮੁੜ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ| ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖੇ ਜਾਣ ਬਾਰੇ ਮੀਡੀਆ ਵਿੱਚ ਸਿੱਧੇ ਤੌਰ ’ਤੇ ਕੁੱਝ ਨਹੀਂ ਕਿਹਾ ਜਾ ਰਿਹਾ ਹੈ ਪਰ ਉਨ੍ਹਾਂ ਉਲਟਾ ਮੀਡੀਆ ’ਤੇ ਸਵਾਲ ਜ਼ਰੂਰ ਚੁੱਕ ਦਿੱਤੇ ਕਿ ਚਿੱਠੀਆਂ ਦੀਆਂ ਗੱਲਾਂ ਕਰ ਕੇ ਸਿਆਸੀ ਆਗੂਆਂ ਨੂੰ ਬਦਨਾਮ ਨਾ ਕੀਤਾ ਜਾਵੇ|
ਸੂਤਰ ਆਖਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਝੇ ਵਿਚ ਕਪਤਾਨੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੇ ਜਾਣ ਮਗਰੋਂ ਪਾਰਟੀ ਵਿਚ ਅੰਦਰੋਂ-ਅੰਦਰੀ ਚੰਗਿਆੜੀ ਸੁਲਗ ਰਹੀ ਸੀ| ਪਤਾ ਲੱਗਾ ਹੈ ਕਿ ਕੈਪਟਨ ਵਿਰੋਧੀ ਧੜੇ ਵੱਲੋਂ ਹੁਣ ਨਵਜੋਤ ਸਿੱਧੂ ਨਾਲੋਂ ਵੀ ਦੂਰੀ ਬਣਾ ਲਈ ਗਈ ਹੈ ਕਿਉਂਕਿ ਨਵਜੋਤ ਸਿੱਧੂ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਨੂੰ ਤਬਦੀਲ ਕਰਨ ਦੇ ਹੱਕ ਵਿਚ ਨਹੀਂ ਹਨ| ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਦੀ ਅੰਦਰੋਂ ਇੱਛਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਤਬਦੀਲ ਕੀਤਾ ਜਾਂਦਾ ਹੈ ਤਾਂ ਮੁੱਖ ਮੰਤਰੀ ਦਾ ਤਾਜ ਉਨ੍ਹਾਂ ਦੇ ਸਿਰ ’ਤੇ ਸਜੇ|
ਪੰਜਾਬ ਕਾਂਗਰਸ ਦੇ ਪ੍ਰਧਾਨ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣ ਵਿਚ ਲੱਗੇ ਹੋਏ ਹਨ| ਸੂਤਰ ਆਖਦੇ ਹਨ ਕਿ ਚਿੱਠੀ ਲਿਖਣ ਵਾਲੇ ਵਿਧਾਇਕ ਅੰਦਰੋਂ ਇਹ ਵਿਉਂਤ ਬਣਾਈ ਬੈਠੇ ਹਨ ਕਿ ਵਿਧਾਇਕ ਦਲ ਦੀ ਮੀਟਿੰਗ ਹੋਣ ਦੀ ਸੂਰਤ ਵਿਚ ਸਾਰੇ ਵਿਧਾਇਕ ਅਗਲਾ ਫ਼ੈਸਲਾ ਲੈਣ ਦਾ ਅਧਿਕਾਰ ਹਾਈਕਮਾਨ ਨੂੰ ਸੌਂਪ ਦੇਣਗੇ| ਸਾਰੇ ਵਿਧਾਇਕ ਹੁਣ ਹਾਈਕਮਾਨ ਨੂੰ ਤਾਕਤ ਦੇ ਕੇ ਬਦਲਾਅ ਦੇਖਣਾ ਚਾਹੁੰਦੇ ਹਨ| ਦੱਸਿਆ ਜਾਂਦਾ ਹੈ ਕਿ ਹਾਈਕਮਾਨ ਨੇ ਪੰਜਾਬ ਵਿਚ ਕਿਸੇ ਤਬਦੀਲੀ ਬਾਰੇ ਮਨ ਨਹੀਂ ਬਣਾਇਆ ਹੈ|
ਇਸੇ ਦੌਰਾਨ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਾਈਕਮਾਨ ਨੂੰ ਚਿੱਠੀ ਲਿਖਣ ਦੀ ਥਾਂ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ ਜੋ ਵਿਧਾਇਕ ਦਲ ਦੀ ਮੀਟਿੰਗ ਸੱਦਣ ਬਾਰੇ ਵਿਚਾਰ ਕਰਨਗੇ| ਉਨ੍ਹਾਂ ਕਿਹਾ ਕਿ ਹਾਈਕਮਾਨ ਤਾਂ ਸਭ ਕੁੱਝ ਕਰ ਚੁੱਕੀ ਹੈ ਅਤੇ ਹੁਣ ਵਾਰ-ਵਾਰ ਹਾਈਕਮਾਨ ਕੋਲ ਜਾਣ ਦੀ ਲੋੜ ਨਹੀਂ ਹੈ|