ਚੰਡੀਗੜ੍ਹ: ‘ਆਪ’ ਪੰਜਾਬ ਨੇ ਦੋਸ਼ ਲਗਾਇਆ ਕਿ ਭਾਜਪਾ ਤੇ ਆਰਐੱਸਐੱਸ ਦੀ ਤਰ੍ਹਾਂ ਸੱਤਾਧਾਰੀ ਕਾਂਗਰਸ ਵੀ ਸਿਆਸੀ ਲਾਹੇ ਲਈ ਇਤਿਹਾਸ ਨਾਲ ਛੇੜ-ਛਾੜ ਕਰਕੇ ਨਵੀਂ ਪੀੜ੍ਹੀ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਾਰਟੀ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਵਿਭਾਗ, ਪੰਜਾਬ ਵੱਲੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਵਿਸ਼ੇ ਲਈ ਮੁਲਾਂਕਣ ਪ੍ਰੀਖਿਆ (ਸਪਲੀਮੈਂਟਰੀ ਪੇਪਰ) ਦੇ ਪ੍ਰਸ਼ਨ ਨੰਬਰ 38 ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਮੁਆਫ਼ੀ ਤੇ ਪੇਪਰ ਨਿਰਧਾਰਤ ਕਰਨ ਵਾਲੇ ਪੈਨਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਸ੍ਰੀ ਸੰਧਵਾਂ ਨੇ ਕਿਹਾ ਕਿ ਕਾਂਗਰਸ ਦੀ ਦਖ਼ਲਅੰਦਾਜ਼ੀ ਸਕੂਲੀ ਸਿਲੇਬਸ ਤੱਕ ਪੁੱਜ ਗਈ ਹੈ। ‘ਆਪ’ ਆਗੂ ਨੇ ਮੰਗ ਕੀਤੀ ਕਿ ਪੇਪਰ ਤਿਆਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।