ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਸ੍ਰੀ ਚੀਮਾ ਨੇ ਦੂਲੋ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਦੀਆਂ ਟਿਕਟਾਂ ਖ਼ਰੀਦ ਕੇ ਚੋਣ ਲੜਨ ਵਾਲੇ ਆਗੂਆਂ ਦੇ ਨਾਂ ਲੋਕਾਂ ਦੀ ਕਚਿਹਰੀ ਵਿੱਚ ਰੱਖਣ ਤਾਂ ਜੋ ਪੰਜਾਬ ਵਾਸੀਆਂ ਨੂੰ ਟਿਕਟਾਂ ਵੇਚਣ ਅਤੇ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਮਿਲ ਜਾਵੇ।
ਸ੍ਰੀ ਚੀਮਾ ਨੇ ਕਿਹਾ ਕਿ ਕਾਂਗਰਸ ਦਾ ਕਾਲਾ ਚਿੱਠਾ ਲੋਕਾਂ ਸਾਹਮਣੇ ਖੁੱਲ੍ਹ ਗਿਆ ਕਿ ਕਾਂਗਰਸ ਨੇ ਮਾਫ਼ੀਆ ਅਤੇ ਘੁਟਾਲੇਬਾਜ਼ਾਂ ਨੂੰ ਟਿਕਟਾਂ ਵੇਚੀਆਂ ਹਨ। ਇਹ ਚਿੱਠਾ ਕਿਸੇ ਹੋਰ ਨੇ ਨਹੀਂ, ਸਗੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਹੀ ਖੋਲ੍ਹਿਆ ਹੈ।