ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਰਾਜਪੁਰਾ, 13 ਜੂਨ
ਹਲਕਾ ਘਨੌਰ ਦੇ ਸ਼ੰਭੂ ਖੇਤਰ ਵਿੱਚੋਂ ਫੜੀ ਗਈ ਸ਼ਰਾਬ ਨਾਜਾਇਜ਼ ਫੈਕਟਰੀ ਸਬੰਧੀ ਕੇਸ ਵਿੱਚ ਪੁਲੀਸ ਨੂੰ ਲੋੜੀਂਦੇ ਕਾਂਗਰਸੀ ਸਰਪੰਚ ਅਮਰੀਕ ਸਿੰਘ ਖਾਨਪੁਰ ਨੇ ਅੱਜ ਇਕ ਮਹੀਨੇ ਮਗਰੋਂ ਆਤਮ ਸਮਰਪਣ ਕਰ ਦਿੱਤਾ। ਸ਼ੰਭੂ ਪੁਲੀਸ ਨੇ ਇਸੇ ਮਾਮਲੇ ਵਿਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਉਧਰ, ਦੋ ਜਣੇ ਪਹਿਲਾਂ ਹੀ ਜੇਲ੍ਹ ਭੇਜ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼ੰਭੂ ਪੁਲੀਸ ਤੇ ਐਕਸਾਈਜ਼ ਵਿਭਾਗ ਵੱਲੋਂ 14 ਮਈ ਨੂੰ ਇਸ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕਰਦਿਆਂ, ਹਜ਼ਾਰਾਂ ਲੀਟਰ ਸ਼ਰਾਬ ਸਮੇਤ ਕੱਚਾ ਮਾਲ ਬਰਾਮਦ ਕੀਤਾ ਸੀ। ਥਾਣਾ ਸ਼ੰਭੂ ਵਿਖੇ ਕਾਂਗਰਸੀ ਸਰਪੰਚ ਅਮਰੀਕ ਸਿੰਘ ਖਾਨਪੁਰ ਸਮੇਤ ਦਿਪੇਸ਼ ਕੁਮਾਰ, ਅਮਿਤ ਕੁਮਾਰ, ਹਰਪ੍ਰੀਤ ਸਿੰਘ ਆਦਿ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਗਰੋਂ ਘਨੌਰ ਹਲਕੇ ਦੇ ਹੀ ਪਿੰਡ ਪੱਬਰੀ ਤੋਂ ਅਕਾਲੀ ਦਲ ਦੇ ਸਾਬਕਾ ਬਲਾਕ ਸਮਿਤੀ ਮੈਂਬਰ ਦਰਸ਼ਨ ਸਿੰਘ ਪੱਬਰੀ ਦੇ ਟਿਊਬਵੈੱਲ ਤੋਂ ਸ਼ਰਾਬ ਤਿਆਰ ਕਰਨ ਵਾਲ਼ਾ ਚਾਰ ਹਜ਼ਾਰ ਲੀਟਰ ਕੱਚਾ ਮਾਲ ਵੀ ਬਰਾਮਦ ਕਰਕੇ ਪੱਬਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਅਮਰੀਕ ਸਰਪੰਚ ਦੇ ਵਿਧਾਇਕ ਮਦਨ ਜਲਾਲਪੁਰ ਦਾ ਸਮਰਥਕ ਹੈ, ਜਿਸ ਤਹਿਤ ਹੀ ਵਿਧਾਇਕ ’ਤੇ ਮੁਲਜ਼ਮਾ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼ਾਂ ਤਹਿਤ ਅਕਾਲੀ ਦਲ ਅਤੇ ‘ਆਪ’ ਰੋਸ ਪ੍ਰਦਰਸ਼ਨ ਕਰਕੇ ਵਿਧਾਇਕ ਖ਼ਿਲਾਫ਼ ਕਾਰਵਾਈ ਮੰਗ ਚੁੱਕੇ ਹਨ। ਉਧਰ ਵਿਧਾਇਕ ਜਲਾਲਪੁਰ ਸਰਪੰਚ ਨੂੰ ਆਪਣਾ ਸਮਰਥਕ ਹੋਣ ਤੋਂ ਇਨਕਾਰੀ ਨਹੀਂ, ਪਰ ਸਰਪੰਚ ਨੂੰ ਬੇਕਸੂਰ ਦੱਸਦਿਆਂ, ਉਹ ਆਖਦੇ ਹਨ ਕਿ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਦਰਸ਼ਨ ਪੱਬਰੀ ਦੇ ਮਾਮਲੇ ’ਚ ਜਲਾਲਪੁਰ ਵੀ ਅਕਾਲੀਆਂ ਨੂੰ ਕਟਹਿਰੇ ’ਚ ਖੜ੍ਹੇ ਕਰ ਰਹੇ ਹਨ। ਫੈਕਟਰੀ ਤੇ ਕੱਚੇ ਮਾਲ ਦੀ ਬਰਾਮਦਗੀ ’ਤੇ ਆਧਾਰਿਤ ਦੋਵਾਂ ਕੇਸਾਂ ਦੀ ਜਾਂਚ ਹੁਣ ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਕੀਤੀ ਜਾਵੇਗੀ।