ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਬਾਗ਼ੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਹ ਅੱਜ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ’ਚ ਨਿੱਤਰ ਆਏ ਹਨ। ਕਾਂਗਰਸ ਵੱਲੋਂ ਜਾਰੀ ਕੀਤੇ ਗਏ ‘ਕਾਰਨ ਦੱਸੋ’ ਨੋਟਿਸ ਦੀ ਪ੍ਰਵਾਹ ਕੀਤੇ ਬਿਨਾਂ ਪ੍ਰਨੀਤ ਕੌਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਖੜ੍ਹਨਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਸੀ ਕਿ ਉਹ ਕਿਸ ਪਾਸੇ ਖੜ੍ਹਨਗੇ?
ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ‘ਕੈਪਟਨ ਫ਼ਾਰ 2022’ ਦੀ ਪ੍ਰੋਫਾਈਲ ਤਸਵੀਰ ਲਗਾ ਦਿੱਤੀ ਹੈ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਆਗਾਮੀ ਚੋਣਾਂ ’ਚ ਪ੍ਰਨੀਤ ਕੌਰ ਨਵੀਂ ਬਣ ਰਹੀ ਲੋਕ ਕਾਂਗਰਸ ਪਾਰਟੀ ਨਾਲ ਖੜ੍ਹਨਗੇ। ਇਸ ਤੋਂ ਪਹਿਲਾਂ ਸੰਸਦ ਮੈਂਬਰ ਨੇ ਜਨਤਕ ਤੌਰ ’ਤੇ ਵੀ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਖੜ੍ਹਨਗੇ, ਜਿਸ ਮਗਰੋਂ ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਪ੍ਰਨੀਤ ਕੌਰ ਨੇ ਅੱਜ ਪਾਰਲੀਮੈਂਟ ਦੇ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ ਹੈ। ਸਿਆਸੀ ਹਲਕਿਆਂ ਵਿੱਚ ਪ੍ਰਨੀਤ ਕੌਰ ਦੇ ਕਾਂਗਰਸ ਚੋਂ ਬਾਗ਼ੀ ਹੋਣ ਬਾਰੇ ਕਾਫ਼ੀ ਹਲਚਲ ਹੈ। ਪਤਾ ਲੱਗਾ ਹੈ ਕਿ ਹਰੀਸ਼ ਚੌਧਰੀ ਨੇ ਪ੍ਰਨੀਤ ਕੌਰ ਦੀ ਤਾਜ਼ਾ ਗਤੀਵਿਧੀ ਤੋਂ ਕਾਂਗਰਸ ਹਾਈਕਮਾਨ ਨੂੰ ਜਾਣੂ ਕਰਵਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਹਰੀਸ਼ ਚੌਧਰੀ ਨੇ ਹਾਈਕਮਾਨ ਤੋਂ ਪ੍ਰਨੀਤ ਕੌਰ ਖ਼ਿਲਾਫ਼ ਅਗਲੀ ਕਾਰਵਾਈ ਕੀਤੇ ਜਾਣ ਸਬੰਧੀ ਪ੍ਰਵਾਨਗੀ ਵੀ ਮੰਗੀ ਹੈ।
ਸੋਸ਼ਲ ਮੀਡੀਆ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਉਹ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਮਰਿੰਦਰ ਸਿੰਘ ਪਟਿਆਲਾ ਦੇ ਨਗਰ ਨਿਗਮ ਕੰਪਲੈਕਸ ਦੇ ਬਾਹਰ ਖੜ੍ਹੇ ਹਨ। ਵੱਡੀ ਗਿਣਤੀ ਲੋਕਾਂ ਨੇ ਤਸਵੀਰ ’ਤੇ ਟਿੱਪਣੀਆਂ ਕੀਤੀਆਂ ਹਨ, ਜਿਸ ਦੌਰਾਨ ਕਿਸੇ ਨੇ ਲਿਖਿਆ ਹੈ, ‘ਲੋਕਤੰਤਰ ਕਦੋਂ ਕਿਸੇ ਨੂੰ ਸਿਆਸੀ ਤੌਰ ’ਤੇ ਰਾਜੇ ਤੋਂ ਰੰਕ ਬਣਾ ਦੇਵੇ, ਅਮਰਿੰਦਰ ਦੀ ਤਸਵੀਰ ਗਵਾਹੀ ਭਰਦੀ ਹੈ।’