ਪੱਤਰ ਪ੍ਰੇਰਕ
ਫਗਵਾੜਾ, 17 ਜਨਵਰੀ
ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਵੱਲੋਂ ਦਲਿਤ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰਨਾ ਤੇ ਦਲਿਤ ਸਮਾਜ ਨਾਲ ਜੁੜੇ ਮੁੱਦਿਆਂ ਨੂੰ ਵਾਰ-ਵਾਰ ਚੁੱਕਣਾ ਦਰਸਾਉਂਦਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਸ਼ਾਨਦਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਨਵੀਂ ਐਲਾਨੀ ਗਈ ਮਿਤੀ 20 ਫਰਵਰੀ ਦਾ ਬਸਪਾ, ਰਵਿਦਾਸੀਆ ਕੌਮ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ’ਚ ਬਣਾਇਆ ਪ੍ਰਾਚੀਨ ਗੁਰੂ ਰਵਿਦਾਸ ਮੰਦਿਰ ਕੇਂਦਰ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਓਹਲੇ ਡੇਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਢਾਹੁਣ ਵਾਲੀ ਭਾਜਪਾ ਅੱਜ ਦਲਿਤ ਤੇ ਪਛੜੇ ਵਰਗ ਦੀ ਰਾਜਨੀਤੀ ਕਰ ਕੇ ਕੌਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।