ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਅਪਰੈਲ
ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਨ੍ਹਾਂ ਤੋਂ ਦੂਰ ਰਹੇ। ਅੰਮ੍ਰਿਤ ਵੇਲੇ ਸ੍ਰੀ ਵੜਿੰਗ ਨੇ ਆਪਣੀ ਪਤਨੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ, ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਪ ਨੇਤਾ ਰਾਜ ਕੁਮਾਰ ਚੱਬੇਵਾਲ ਸਮੇਤ ਹੋਰ ਪਾਰਟੀ ਆਗੂਆਂ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਉਹ ਦੁਰਗਿਆਣਾ ਮੰਦਰ ਅਤੇ ਇਤਿਹਾਸਕ ਰਾਮ ਤੀਰਥ ਵਿਖੇ ਵੀ ਨਤਮਸਤਕ ਹੋਏ।
ਸ੍ਰੀ ਵੜਿੰਗ ਨੇ ਸਭ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਪਰੰਤ ਉਹ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਸੁਨੀਲ ਦੱਤੀ ਨੂੰ ਮਿਲੇ। ਉਨ੍ਹਾਂ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਅਤੇ ਹੋਰ ਆਗੂਆਂ ਨਾਲ ਵੱਖਰੀ ਮੀਟਿੰਗ ਵੀ ਕੀਤੀ। ਉਨ੍ਹਾਂ ਆਖਿਆ ਕਿ ਪਾਰਟੀ ਦੀ ਅੰਦਰੂਨੀ ਧੜੇਬਾਜ਼ੀ ਕਾਰਨ ਕਾਂਗਰਸ ਸੱਤਾ ’ਚੋਂ ਬਾਹਰ ਹੋਈ ਹੈ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਕਾਂਗਰਸ ਮੁੜ ਮਜ਼ਬੂਤ ਹੋ ਕੇ ਉਭਰੇਗੀ ਅਤੇ ਸੱਤਾ ਵਿਚ ਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਖ਼ਤਮ ਹੋਣਗੇ ਅਤੇ ਪਾਰਟੀ ਇਕਜੁੱਟ ਹੋਵੇਗੀ। ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਧਰੇ ਹੋਰ ਗਏ ਹੋ ਸਕਦੇ ਹਨ ਜਾਂ ਉਨ੍ਹਾਂ ਨੂੰ ਕੋਈ ਹੋਰ ਕੰਮ ਹੋ ਸਕਦਾ ਹੈ। ਵੇਰਵਿਆਂ ਮੁਤਾਬਕ ਸ੍ਰੀ ਵੜਿੰਗ ਨੇ ਮੁਲਾਕਾਤ ਲਈ ਸ੍ਰੀ ਸਿੱਧੂ ਨੂੰ ਫੋਨ ਕਰਕੇ ਸੂਚਿਤ ਵੀ ਕੀਤਾ ਸੀ ਪਰ ਸ੍ਰੀ ਸਿੱਧੂ ਅੰਮ੍ਰਿਤਸਰ ਤੋਂ ਬਾਹਰ ਚਲੇ ਗਏ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਗਏ ਸਵਾਲ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਫਿਲਹਾਲ ਸਰਕਾਰ ਨੂੰ ਬਣਿਆਂ ਸਿਰਫ ਇਕ ਮਹੀਨਾ ਹੋਇਆ ਹੈ ਅਤੇ ਉਹ ਉਸ ਨੂੰ ਇਕ ਮਹੀਨੇ ਦਾ ਹੋਰ ਸਮਾਂ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਭਗਵੰਤ ਮਾਨ ਨੂੰ ਬਲ ਦੇਣ ਕਿ ਉਹ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ। ‘ਆਪ’ ਵਲੋਂ ਦਿੱਤੇ ਜਾ ਰਹੇ ‘ਤੋਹਫਿਆਂ’ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਇਕ ਨੰਬਰ ਦਿੱਤਾ ਸੀ ਤੇ ਫਿਰ ਘਰ-ਘਰ ਅਨਾਜ ਤੇ ਰਾਸ਼ਨ ਪਹੁੰਚਾਉਣ ਦਾ ਤੋਹਫਾ ਦਿੱਤਾ ਸੀ ਅਤੇ ਹੁਣ ਤੀਜਾ ਤੋਹਫਾ ਦੇਣ ਦੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਇਹ ਤੋਹਫੇ ਹੁਣ ਤਕ ਸਿਰਫ ਤੋਹਫੇ ਹੀ ਹਨ। ਉਨ੍ਹਾਂ ਕਿਹਾ ਕਿ ਲੋਕ ਉਡੀਕ ਕਰ ਰਹੇ ਹਨ ਕਿ ‘ਆਪ’ ਆਗੂਆਂ ਵਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇ, ਰੇਤ ਸਸਤੀ ਕੀਤੀ ਜਾਵੇ, ਔਰਤਾਂ ਨੂੰ ਇਕ ਹਜ਼ਾਰ ਰੁਪਏ ਦੀ ਮਦਦ ਭੇਜੀ ਜਾਵੇ, ਘਰ-ਘਰ ਰਾਸ਼ਨ ਭੇਜਿਆ ਜਾਵੇ ਅਤੇ ਮੁਫਤ ਬਿਜਲੀ ਦਿੱਤੀ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਹੋਂਦ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਇਕ ਦਿਨ ਉਸ ਦਾ ਕਿਸੇ ਹੋਰ ਪਾਰਟੀ ਨਾਲ ਰਲੇਵਾਂ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਖਿਆ ਕਿ ਰਾਜਾ ਵੜਿੰਗ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।