ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਦਸੰਬਰ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ 80 ਦਿਨਾਂ ’ਚ ਲੋਕਾਂ ਦਾ ਜੋ ਮਜ਼ਾਕ ਬਣਾਇਆ ਹੈ, ਉਹ ਅੱਜ ਤੱਕ ਕਦੀ ਨਹੀਂ ਹੋਇਆ। ਚੱਬੇਵਾਲ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨ ਆਏ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਨੇ ਲੋਕਾਂ ਦੇ ਫ਼ਤਵੇ ਦਾ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ, ਸਾਰੇ ਲੀਡਰ ਆਪਸ ਵਿੱਚ ਲੜੀ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਆਪ ਇਕੱਠੀ ਨਹੀਂ, ਉਹ ਲੋਕ ਫ਼ਤਵੇ ਦੀ ਮੰਗ ਕਿਵੇਂ ਕਰ ਸਕਦੀ ਹੈ। ਮਾਨ ਨੇ ਕਿਹਾ ਕਿ ਕਾਂਗਰਸ ਦੇ ਆਗੂ ‘ਜਾਂਦੇ ਚੋਰ ਦੀ ਲੰਗੋਟੀ ਸਹੀ’ ਦੀ ਨੀਤੀ ’ਤੇ ਚੱਲ ਕੇ ਪੰਜਾਬ ਨੂੰ ਲੁੱਟ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਦੁਬਾਰਾ ਕਾਂਗਰਸ ਦੀ ਸਰਕਾਰ ਨਹੀਂ ਬਣਨੀ। ਉਨ੍ਹਾਂ ਕਿਹਾ ਕਿ ਬੈਨਰ ਜਿੰਨੇ ਮਰਜ਼ੀ ਲੱਗੇ ਹੋਣ, ਪੰਜਾਬ ਦਾ ਕੁਝ ਨਹੀਂ ਸੰਵਰਿਆ ਅਤੇ ਜਨਤਾ ਦਾ ਕੋਈ ਵਰਗ ਵੀ ਖੁਸ਼ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਨਾਲ ਹੁਣ ਨਹੀਂ, ਪਹਿਲਾਂ ਹੀ ਰਲਿਆ ਹੋਇਆ ਸੀ ਅਤੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਉਸ ਨੇ ਜੋ ਫ਼ੈਸਲੇ ਲਏ ਉਹ ਭਾਜਪਾ ਦੇ ਇਸ਼ਾਰੇ ’ਤੇ ਲਏ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸਿਆਸੀ ਪਾਰਟੀ ਬਣਾਏ ਜਾਣ ਸਬੰਧੀ ਪੁੱਛਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਨੂੰ ਚੋਣ ਲੜਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਹੀ ਦੱਸੇਗਾ ਕਿ ਨਵੀਂ ਪਾਰਟੀ ਦਾ ਏਜੰਡਾ ਲੋਕਾਂ ਨੂੰ ਪਸੰਦ ਆਉਂਦਾ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਲਈ ਇਕ ਚੰਗਾ ਬਦਲ ਸਾਬਿਤ ਹੋਵੇਗੀ।