ਚਰਨਜੀਤ ਭੁੱਲਰ
ਚੰਡੀਗੜ੍ਹ, 9 ਮਾਰਚ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਹਾਕਮ ਧਿਰ ਨੇ ਅੱਜ ਬਜਟ ’ਤੇ ਬਹਿਸ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਘੇਰਾਬੰਦੀ ਕੀਤੀ। ਬਜਟ ਸੈਸ਼ਨ ’ਚ ਪਹਿਲੀ ਵਾਰ ਮੂੰਹ ਖੋਲਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਅੱਜ ਮੌਕਾ ਮਿਲਦੇ ਹੀ ਬਿਕਰਮ ਮਜੀਠੀਆ ਨੂੰ ਨਿਸ਼ਾਨੇ ’ਤੇ ਲਿਆ।
ਮਜੀਠੀਆ ਨੇ ਕਿਹਾ ਕਿ ਬਜਟ ਨੇ ਸਭ ਨੂੰ ਨਿਰਾਸ਼ ਕੀਤਾ ਹੈ। ਭਰੋਸਾ ਜਿੱਤਣ ਲਈ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕਣੀ ਪਈ ਅਤੇ ਸਰਕਾਰ ਬਣਨ ਮਗਰੋਂ ‘ਘਰ ਘਰ ਰੁਜ਼ਗਾਰ’ ਦੇ ਲਾਰੇ ’ਚ ਨੌਜਵਾਨ ਠੱਗੇ ਗਏ। ਪੇਅ ਕਮਿਸ਼ਨ ’ਚ ਮੁਲਾਜ਼ਮ ਧਿਰਾਂ ਨੂੰ ਲਾਰਾ ਮਿਲਿਆ। ਉਨ੍ਹਾਂ ਕਿਹਾ ਕਿ ਬਜਟ ਇੱਕ ਮਿੱਠੀ ਗੋਲੀ ਹੈ ਜਾਂ ਫਿਰ ਹੱਥ ਦੀ ਸਫਾਈ ਹੈ। ਬਜਟ ’ਤੇ ਬਹਿਸ ਉਸ ਵਕਤ ਤਿਲਕ ਗਈ ਜਦੋਂ ਮਜੀਠੀਆ ਵੱਲੋਂ ਹਾਕਮ ਧਿਰ ਨੂੰ ਘੇਰਨ ਲਈ ਬਾਬਾ ਨਜ਼ਮੀ ਦੀ ਇੱਕ ਰਚਨਾ ‘ਪੁੱਛੋ ਵੀ’ ਪੜ੍ਹ ਕੇ ਖੁਦ ਹੀ ਸੱਤਾਧਾਰੀ ਧਿਰ ਨੂੰ ਮੌਕਾ ਦੇ ਦਿੱਤਾ।
ਮਜੀਠੀਆ ਨੇ ਬਾਬਾ ਨਜ਼ਮੀ ਦੀ ਰਚਨਾ ਦੀ ਤੁਕ ‘ਸਾਈਕਲ ਵਾਲੇ ਵਾਰਸ ਬਣੇ ਪਜੈਰੋ ਦੇ, ਐਨਾ ਪੈਸਾ ਕਿੱਥੋਂ ਆਇਆ, ਪੁੱਛੋ ਵੀ।’ ਪੜ੍ਹੀ ਤਾਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਰਚਨਾ ਦੇ ਖਤਮ ਹੁੰਦੇ ਹੀ ਸੀਟ ’ਤੇ ਖੜ੍ਹੇ ਹੋ ਕੇ ਕਿਹਾ ਕਿ ‘ਮਜੀਠੀਆ ਜੀ ਪੂਰੀ ਤਿਆਰੀ ਕਰਕੇ ਆਏ ਨੇ, ਪਰ ਖੁਦ ਹੀ ਫਸਦੇ ਜਾ ਰਹੇ ਨੇ, ਇਨ੍ਹਾਂ ਤੋਂ ਸਾਰਾ ਪੰਜਾਬ ਪੁੱਛਦਾ ਹੈ.. ਆਹ ਹੋਟਲ ਏਨੇ ਕਿੱਥੋਂ ਬਣੇ, ਪੁੱਛੋ ਵੀ।’ ਨਵਜੋਤ ਸਿੱਧੂ ਨੇ ਕਿਹਾ ਕਿ ‘ਟੁੱਟੀ ਖੜਕੀ ਕੁਆਲਿਸ ਤੋਂ ਅੱਠ ਰੇਂਜ ਰੋਵਰ ਕਿੱਥੋਂ ਆਈਆਂ, ਪੁੱਛੋ ਵੀ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ’ਚ ਪਾਰਕਿੰਗ ਅਲਾਟ ਕਿੱਥੋਂ ਆਏ, ਪੁੱਛੋ ਵੀ। ਸਿੱਧੂ ਨੇ ਹੋਰ ਬੱਸਾਂ ਆਦਿ ਦੇ ਹਵਾਲੇ ਦੇ ਕੇ ਮਜੀਠੀਆ ’ਤੇ ਸੁਆਲ ਖੜ੍ਹੇ ਕੀਤੇ। ਅੱਗਿਓਂ ਮਜੀਠੀਆ ਨੇ ਕਿਹਾ ਕਿ ਜੋ ਬਜਟ ’ਤੇ ਨੁਕਤੇ ਉਠਾਏ ਹਨ, ਉਨ੍ਹਾਂ ਦਾ ਜੁਆਬ ਦਿਓ। ਮਜੀਠੀਆ ਨੇ ਤਨਜ਼ ਕਸੀ ‘ਅੱਜ ਸੁੱਤੇ ਵੀ ਜਗਾ ਦਿੱਤੇ’।
ਇਸ ਤੋਂ ਪਹਿਲਾਂ ਮਜੀਠੀਆ ਨੇ ਬਹਿਸ ਦੌਰਾਨ ਕਿਹਾ ਕਿ ਸਰਕਾਰ ਨੇ ਪੰਜਾਬ ਸਿਰ ਕਰਜ਼ਾ 2.73 ਕਰੋੜ ’ਤੇ ਪਹੁੰਚਾ ਦੇਣਾ ਹੈ ਅਤੇ ਜੀਡੀਪੀ ਸਭਨਾਂ ਸੂਬਿਆਂ ਦੀ ਘਟੀ ਹੈ ਪਰ ਪੰਜਾਬ ਵਧਾ ਕੇ ਦਿਖਾ ਰਿਹਾ ਹੈ। ਉਨ੍ਹਾਂ ਕਿਸਾਨ ਨੇਤਾ ਉਗਰਾਹਾਂ ਤੇ ਡਕੌਂਦਾ ਗਰੁੱਪ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕਰਨਾ ਸੀ ਪ੍ਰੰਤੂ ਸਰਕਾਰ ਨੇ ਪੰਜ ਫੀਸਦ ਤੋਂ ਵੀ ਘੱਟ ਦਾ ਮੁਆਫ਼ ਕੀਤਾ ਹੈ। ਸਨਅਤਾਂ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ‘ਆਪਣੀ ਗੱਡੀ, ਆਪਣਾ ਰੁਜ਼ਗਾਰ’ ਸਕੀਮ ਵੀ ਕਿਧਰੇ ਲੱਭਦੀ ਨਹੀਂ। ਮਜੀਠੀਆ ਨੇ ਕਿਹਾ ਕਿ ਯੂਨੀਵਰਸਿਟੀਆਂ ਦਾ ਐਲਾਨ ਕਰ ਦਿੱਤਾ ਹੈ ਪਰ ਕਿਤੇ ਵੀ ਐਕਟ ਨਹੀਂ ਲਿਆਂਦਾ। ਚਮਕੌਰ ਸਾਹਿਬ ਵਿਚ ਸਕਿੱਲ ਯੂਨੀਵਰਸਿਟੀ ਨਹੀਂ ਬਣੀ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਜਵਾਬ ਦਿੱਤਾ ਕਿ ਸਕਿੱਲ ’ਵਰਸਿਟੀ ਲਈ 42 ਏਕੜ ਜਗ੍ਹਾ ਲੈ ਲਈ ਹੈ ਅਤੇ 97 ਕਰੋੜ ਦਾ ਟੈਂਡਰ ਵੀ ਹੋ ਗਿਆ ਹੈ। ਲਾਅ ਯੂਨੀਵਰਸਿਟੀ ਬਾਰੇ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਐਕਟ ਪਾਸ ਹੋ ਚੁੱਕਾ ਹੈ ਅਤੇ 7 ਕਰੋੜ ਜਾਰੀ ਵੀ ਹੋਏ ਹਨ। ਮਜੀਠੀਆ ਨੇ ਜਿਉਂ ਹੀ ਬੇਬੇ ਨਾਨਕੀ ਕਾਲਜ ਦੀ ਗੱਲ ਛੇੜੀ ਤਾਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਉੱਠ ਕੇ ਖੜ੍ਹੇ ਹੋ ਗਏ ਕਿ ਕੋਵਿਡ-19 ਕਰਕੇ ਦਾਖਲੇ ਪਹਿਲਾਂ ਘੱਟ ਸੀ, ਹੁਣ ਪੂਰੇ ਹਨ। ਮਜੀਠੀਆ ਨੇ ਅੱਜ ਬਹਿਸ ’ਚ ਮਹਿੰਗੀ ਬਿਜਲੀ ਅਤੇ ਸ਼ਰਾਬ ਮਾਫੀਏ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਨਾਅਰੇ ਬਦਲ ਬਦਲ ਕੇ ਬਜਟ ’ਚ ਪੁਰਾਣੀਆਂ ਗੱਲਾਂ ਹੀ ਰੱਖ ਰਹੀ ਹੈ। ਬਹਿਸ ਖਤਮ ਹੋਣ ਮਗਰੋਂ ਹੀ ਮਜੀਠੀਆ ਸਦਨ ’ਚੋਂ ਚਲੇ ਗਏ।
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਰਜ਼ੇ ਦੀ ਪੰਡ ਨਾਲ ਪੰਜਾਬ ਨੂੰ ਆਰਥਿਕ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ ਅਤੇ ਸੂਬੇ ਦਾ ਆਰਥਿਕ ਵਿਕਾਸ ਘੱਟ ਰਿਹਾ ਹੈ। ਬਜਟ ਨੂੰ ਸੱਚਾਈ ਤੋਂ ਕੋਹਾਂ ਦੂਰ ਦੱਸਦੇ ਹੋਏ ਢੀਂਡਸਾ ਨੇ ਕਿਹਾ ਕਿ ਕੋਵਿਡ ਦੌਰਾਨ ਮਾਲੀਏ ਦਾ ਇੰਨਾ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਪ੍ਰਚਾਰਿਆ ਜਾ ਰਿਹਾ ਹੈ। ਕੇਂਦਰ ਨੇ ਵੀ ਉਧਾਰ ਚੁੱਕਣ ਦੀ ਦਰ ਤਿੰਨ ਤੋਂ ਪੰਜ ਫੀਸਦੀ ਕਰ ਦਿੱਤੀ ਹੈ। ਪੈਸੇ ਦਾ ਕੋਈ ਪ੍ਰਬੰਧ ਨਾ ਹੋਣ ਦੇ ਬਾਵਜੂਦ ਐਲਾਨ ਕੀਤੇ ਗਏ ਹਨ। ਉਨ੍ਹਾਂ ਯੂਨੀਵਰਸਿਟੀ ਕਾਲਜਾਂ ਦੇ ਮੁਲਾਜ਼ਮਾਂ ਦਾ ਮੁੱਦਾ ਵੀ ਰੱਖਿਆ। ‘ਆਪ’ ਵਿਧਾਇਕ ਪ੍ਰਿੰਸੀਪਲ ਬੁੱੱਧ ਰਾਮ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਲਈ ਬਜਟ ਦਾ ਆਕਾਰ ਛੋਟਾ ਰੱਖਿਆ ਹੈ ਅਤੇ ਕਰਜ਼ਾ ਮੁਆਫੀ ਲਈ ਪੈਸਾ ਬਹੁਤ ਘੱਟ ਰੱਖਿਆ ਗਿਆ ਹੈ। ਪੰਜਾਬੀ ’ਵਰਸਿਟੀ 400 ਕਰੋੜ ਦੀ ਘਾਟੇ ਹੇਠ ਹੈ ਜਿਸ ਨੂੰ 500 ਕਰੋੜ ਦਿੱਤੇ ਜਾਣੇ ਬਣਦੇ ਸਨ। ਕਾਂਗਰਸੀ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਈ ਬਾਗਬਾਨੀ ਚੰਗਾ ਰਾਹ ਹੈ ਤੇ ਸਹਿਕਾਰੀ ਗੰਨਾ ਮਿੱਲਾਂ ਨੂੰ ਵੀ ਚਾਲੂ ਰੱਖਿਆ ਹੈ। ਉਨ੍ਹਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰਸੰਸਾ ਕਰਦੇ ਹੋਏ ਮਨਪ੍ਰੀਤ ਬਾਦਲ ਨੂੰ ਅਪੀਲ ਕੀਤੀ ਕਿ ਸਰਹੱਦੀ ਖੇਤਰ ਨੂੰ ਬਚਾ ਲਓ।
‘ਆਪ’ ਦੇ ਅਮਨ ਅਰੋੜਾ ਨੇ ਕਿਹਾ ਕਿ ਬਜਟ ’ਚ ਪੂੰਜੀਗਤ ਖਰਚਿਆਂ ’ਤੇ 20 ਫੀਸਦੀ ਕੱਟ ਲਾਇਆ ਗਿਆ ਹੈ। ‘ਆਪ’ ਵਿਧਾਇਕ ਅਮਰਜੀਤ ਸੰਦੋਆ ਨੇ ਕਿਹਾ ਕਿ ‘ਘਰ ਘਰ ਰੁਜ਼ਗਾਰ’ ਦਾ ਨਾਅਰਾ ਫਲਾਪ ਹੋਇਆ ਹੈ ਅਤੇ ਹਸਪਤਾਲਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਰੋਪੜ ਲਈ ਆਉਂਦਾ ਪੈਸਾ ਵਜ਼ੀਰ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਵਿਚ ਲੈ ਜਾਂਦੇ ਹਨ। ਸੰਦੋਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਰੋਪੜ ਨਾਲ ਵਿਕਾਸ ’ਚ ਵਿਤਕਰਾ ਜਾਰੀ ਰਿਹਾ ਤਾਂ ਉਹ ਵਿੱਤ ਮੰਤਰੀ ਦੇ ਘਰ ਅੱਗੇ ਧਰਨੇ ’ਤੇ ਬੈਠਣਗੇ। ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਰਕਾਰ ਤਾਂ ਸਿਰਫ ਹਾਕਮ ਧਿਰ ਦੇ ਹਲਕਿਆਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪੰਜਾਬੀ ’ਵਰਸਿਟੀ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ’ਵਰਸਿਟੀ ਵਿਚ ਪਿਛਲੀ ਸਰਕਾਰ ਸਮੇਂ 2500 ਮੁਲਾਜ਼ਮਾਂ ਦੀ ਨਾਜਾਇਜ਼ ਭਰਤੀ ਹੋਈ ਹੈ ਜਿਸ ਨੂੰ ਹੋਰਨਾਂ ਅਦਾਰਿਆਂ ਵਿਚ ਸ਼ਿਫਟ ਕਰਨਾ ਬਣਦਾ ਹੈ।
‘ਆਪ’ ਵਿਧਾਇਕ ‘ਝੂਠਾਂ ਦੀ ਪੰਡ’ ਚੁੱਕ ਕੇ ਪੁੱਜੇ
ਆਮ ਆਦਮੀ ਪਾਰਟੀ ਦੇ ਵਿਧਾਇਕ ਅੱਜ ਇੱਕ ‘ਝੂਠਾਂ ਦੀ ਪੰਡ’ ਚੁੱਕ ਕੇ ਵਿਧਾਨ ਸਭਾ ਪਹੁੰਚੇ। ਹਰਪਾਲ ਚੀਮਾ ਨੇ ਸਦਨ ਦੇ ਬਾਹਰ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਖਰੀ ਬਜਟ ਨੂੰ ਚੋਣਾਂ ਲਈ ਝੂਠ ਦੀ ਪੰਡ ’ਚ ਬਦਲ ਦਿੱਤਾ ਹੈ। ਅੱਜ ਸਦਨ ’ਚ ‘ਆਪ’ ਵਿਧਾਇਕਾਂ ਨੇ ਸਰਕਾਰ ਵੱਲੋਂ ਸਰਕਾਰੀ ਅਧਿਆਪਕਾਂ ਦਾ ਪਰਖਕਾਲ ਸਮਾਂ ਤਿੰਨ ਸਾਲ ਤੋਂ ਚਾਰ ਸਾਲ ਕਰਨ ਦੇ ਵਿਰੋਧ ਵਿੱਚ ਵਾਕਆਊਟ ਕਰਨ ਲੱਗੇ ਤਾਂ ਉਸ ਦੌਰਾਨ ਸਦਨ ਦੀ ਕਾਰਵਾਈ ਸਮਾਪਤ ਹੋ ਗਈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਾਮ ਵਕਤ ਕਿਹਾ ਕਿ ਨਵੇਂ ਭਰਤੀ ਕੀਤੇ ਅਧਿਆਪਕਾਂ ਦੇ ਪਰਖਪਾਲ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਹ ਕੋਰੀ ਅਫਵਾਹ ਹੈ।
ਕਾਂਗਰਸੀਆਂ ਨੇ ਹੀ ਆਪਣੀ ਸਰਕਾਰ ਘੇਰੀ
ਹਾਕਮ ਧਿਰ ਲਈ ਉਸ ਵੇਲੇ ਕਸੂਤੀ ਸਥਿਤੀ ਬਣ ਗਈ ਜਦੋਂ ਦੋ ਕਾਂਗਰਸੀ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਬਹਿਸ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਕੀਤੇ ਗਏ ਹਨ। ਉਨ੍ਹਾਂ ਆਪਣੇ ਹਲਕੇ ਦੇ ਸਰਕਾਰੀ ਹਸਪਤਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਆਪਣੇ ਹੀ ਸਰਕਾਰੀ ਹਸਪਤਾਲਾਂ ਤੋਂ ਭਰੋਸਾ ਉਠ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਅਤੇ ਮਾਫੀਆ ਰਾਜ ਵੀ ਚੱਲ ਰਿਹਾ ਹੈ। ਉਸੇ ਵਕਤ ਧੀਮਾਨ ਦਾ ਮਾਈਕ ਵੀ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਗੁਰਪ੍ਰਤਾਪ ਸਿੰਘ ਅਜਨਾਲਾ ਨੇ ਸਰਹੱਦੀ ਪਿੰਡ ਦੀ ਇੱਕ ਔਰਤ ਦੇ ਨਸ਼ਿਆਂ ਕਾਰਨ ਬਰਬਾਦ ਹੋਏ ਘਰ ਦੇ ਹਵਾਲੇ ਨਾਲ ਨਸ਼ਿਆਂ ਦਾ ਕਾਰੋਬਾਰ ਅਜੇ ਵੀ ਚੱਲਦਾ ਹੋਣ ਵੱਲ ਇਸ਼ਾਰਾ ਕੀਤਾ।
ਵਿਧਾਨ ਸਭਾ ਵੱਲੋਂ ਅੱਠ ਬਿੱਲ ਪਾਸ
ਵਿਧਾਨ ਸਭਾ ਵੱਲੋਂ ਅੱਜ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਹੇਠ ਬਜਟ ਇਜਲਾਸ ਵਿੱਚ ਅੱਠ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ। ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਐਮਿਟੀ ਯੂਨੀਵਰਸਿਟੀ ਪੰਜਾਬ ਬਿੱਲ, 2021, ਇੰਡੀਅਨ ਪਾਰਟਨਰਸ਼ਿਪ (ਪੰਜਾਬ ਸੋਧ) ਬਿੱਲ, 2021 ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ (ਸੋਧ) ਬਿੱਲ 2021 ਸਮੇਤ ਤਿੰਨ ਬਿੱਲ ਪੇਸ਼ ਕੀਤੇ। ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪ੍ਰਿਜ਼ਨਜ਼ (ਪੰਜਾਬ ਸੋਧ) ਬਿੱਲ, 2021 ਅਤੇ ਪੰਜਾਬ ਸਹਿਕਾਰੀ ਸਭਾਵਾਂ (ਸੋਧ) ਬਿੱਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰਾ ਸਿੰਗਲਾ ਨੇ ਪੰਜਾਬ ਆਬਕਾਰੀ (ਸੋਧ) ਬਿੱਲ ਅਤੇ ਪੰਜਾਬ ਐਜੂਕੇਸ਼ਨ ਬਿੱਲ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸਦਨ ਨੇ ਪਾਸ ਕਰ ਦਿੱਤਾ।