ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਅਗਸਤ
ਸਥਾਨਕ ਕਾਂਗਰਸੀ ਵਿਧਾਇਕ ਖ਼ਿਲਾਫ਼ ਗੰਭੀਰ ਦੋਸ਼ਾਂ ਵਾਲੀ ਇੱਕ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵਿਧਾਇਕ ਨੇ ਸਿਟੀ ਪੁਲੀਸ ਕੋਲ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁਖਾਤਬ ਇਸ ਪੋਸਟ ਵਿੱਚ ਸਥਾਨਕ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ’ਤੇ ਮਾਫ਼ੀਆ ਗਰੋਹ ਨਾਲ ਸਬੰਧਾਂ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਸ੍ਰੀ ਸਿੱਧੂ ਵੀਰਵਾਰ ਨੂੰ ਮੋਗੇ ਆਏ ਸਨ ਅਤੇ ਇਸ ਦੌਰਾਨ ਹੀ ਇਹ ਪੋਸਟ ਤੇਜ਼ੀ ਨਾਲ ਨਿੱਜੀ ਤੇ ਪੁਲੀਸ ਵਿਭਾਗ ਦੇ ਗਰੁੱਪਾਂ ਵਿੱਚ ਵਾਇਰਲ ਹੋ ਗਈ। ਵਿਧਾਇਕ ਡਾ. ਹਰਜੋਤ ਕਮਲ ਨੇ ਨਾਂ ਲਏ ਬਗੈਰ ਵਾਇਰਲ ਪੋਸਟ ਦਾ ਭਾਂਡਾ ਆਪਣੇ ਸਿਆਸੀ ਦੁਸ਼ਮਣਾਂ ਸਿਰ ਭੰਨ੍ਹਦਿਆਂ ਕਿਹਾ, ‘‘ਤੁਸੀਂ ਸਾਰੇ ਜਾਣਦੇ ਹੀ ਹੋ। ਇਹ ਕੌਣ ਕਰ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਸਿਆਸੀ ਜ਼ਮੀਨ ਗੁਆ ਚੁੱਕੇ ਵਿਰੋਧੀ ਉਨ੍ਹਾਂ ਦਾ ਰਾਜਨੀਤਕ ਅਕਸ ਖ਼ਰਾਬ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੇ ਹਨ। ਉਹ ਸਾਈਬਰ ਕ੍ਰਾਈਮ ਸੈੱਲ ਤੋਂ ਜਾਂਚ ਕਰਵਾਉਣਗੇ ਤੇ ਹਰ ਹਾਲ ਵਿੱਚ ਪੋਸਟ ਦੀ ਤਹਿ ਤੱਕ ਜਾਣਗੇ। ਵਿਧਾਇਕ ਦੇ ਦਫ਼ਤਰੀ ਅਮਲੇ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਉਹ ਬਾਹਰ ਹਨ। ਉਨ੍ਹਾਂ ਨੂੰ ਹਾਲੇ ਸ਼ਿਕਾਇਤ ਨਹੀਂ ਮਿਲੀ ਪਰ ਫੋਨ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।