ਕਰਮਜੀਤ ਸਿੰਘ ਚਿੱਲਾ
ਬਨੂੜ, 13 ਜੂਨ
ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਅੱਜ ਪਿੰਡ ਬੁੱਢਣਪੁਰ ’ਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਕਾਂਗਰਸੀ ਵਿਧਾਇਕ, ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੋਧ ਅਤੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਬਨੂੜ ਪੁਲੀਸ ਨੇ ਵਿਧਾਇਕ ਦੀ ਗੱਡੀ ਦਾ ਘਿਰਾਓ ਕਰਕੇ ਬੈਠੀਆਂ ਮਹਿਲਾਵਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਇੱਕ ਪਾਸੇ ਕਰਕੇ ਕੰਬੋਜ ਨੂੰ ਸੁਰੱਖਿਅਤ ਪਿੰਡ ’ਚੋਂ ਬਾਹਰ ਕੱਢਿਆ। ਸ੍ਰੀ ਕੰਬੋਜ ਪਿੰਡ ਦੀ ਪੰਚਾਇਤ ਦੇ ਸੱਦੇ ਉੱਤੇ ਕੁੱਝ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਉਣ ਅਤੇ ਵਿਕਾਸ ਕੰਮਾਂ ਲਈ ਗਰਾਂਟ ਦਾ ਚੈੱਕ ਦੇਣ ਆਏ ਸਨ। ਪਿੰਡ ਦੀ ਸਰਪੰਚ ਦਵਿੰਦਰ ਕੌਰ ਦੇ ਘਰ ਰੱਖੇ ਗਏ ਸਮਾਗਮ ਵਾਲੀ ਥਾਂ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਨੌਜਵਾਨ, ਮਹਿਲਾਵਾਂ ਅਤੇ ਬੱਚੇ ਸਵੇਰ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ। ਜਦੋਂ ਵਿਧਾਇਕ ਉਥੇ ਪਹੁੰਚੇ ਤਾਂ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਆਰੰਭ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵਿਧਾਇਕ ਦੀ ਗੱਡੀ ਅੱਗੇ ਬੈਠ ਗਈਆਂ।
ਸ੍ਰੀ ਕੰਬੋਜ ਜਦੋਂ ਪ੍ਰੋਗਰਾਮ ਸਮਾਪਤ ਕਰਕੇ ਗੱਡੀ ਕੋਲ ਆਏ ਤਾਂ ਸਾਰਿਆਂ ਨੇ ਹੋਰ ਵੀ ਜ਼ੋਰਦਾਰ ਨਾਅਰੇਬਾਜ਼ੀ ਆਰੰਭ ਦਿੱਤੀ। ਪੁਲੀਸ ਨੇ ਗੱਡੀ ਅੱਗੇ ਬੈਠੀਆਂ ਮਹਿਲਾਵਾਂ ਨੂੰ ਬੜੀ ਮੁਸ਼ਕਲ ਨਾਲ ਇੱਕ ਪਾਸੇ ਹਟਾਇਆ ਅਤੇ ਵਿਧਾਇਕ ਤੇ ਉਨ੍ਹਾਂ ਦੇ ਸਾਥੀ ਜ਼ਿਲ੍ਹਾ ਪਰਿਸ਼ਦ ਮੈਂਬਰ ਨੈਬ ਸਿੰਘ ਮਨੌਲੀ ਸੂਰਤ, ਪੰਚਾਇਤ ਸਮਿਤੀ ਰਾਜਪੁਰਾ ਦੇ ਚੇਅਰਮੈਨ ਹਰਦਿਆਲ ਸਿੰਘ ਕੰਬੋਜ, ਬਲਾਕ ਸਮਿਤੀ ਮੈਂਬਰ ਗਗਨਦੀਪ ਸਿੰਘ ਕੰਬੋਜ ਆਦਿ ਉਥੋਂ ਨਿਕਲ ਗਏ। ਧਰਨਕਾਰੀਆਂ ਲਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਸੁਖਬੀਰ ਸਿੰਘ, ਹਰਮਨ ਸਿੰਘ, ਵਰਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਕੌਰ, ਹਰਬੰਸ ਕੌਰ, ਜਸਪ੍ਰੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ ਨੇ ਆਖਿਆ ਕਿ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਪਾਸ ਕੀਤੇ ਗਏ ਮਤੇ ਅਨੁਸਾਰ ਉਹ ਸਮੁੱਚੀਆਂ ਰਾਜਸੀ ਪਾਰਟੀਆਂ ਦਾ ਪਿੰਡ ਵਿੱਚ ਆਉਣ ਉੱਤੇ ਇਵੇਂ ਹੀ ਵਿਰੋਧ ਕਰਦੇ ਰਹਿਣਗੇ। ਉਨ੍ਹਾਂ ਕਾਂਗਰਸ ’ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਵੀ ਲਾਇਆ।
ਮੇਰਾ ਨਹੀਂ ਵਿਕਾਸ ਦਾ ਵਿਰੋਧ ਕੀਤਾ: ਕੰਬੋਜ
ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਉਹ ਪਿੰਡ ਬੁੱਢਣਪੁਰ ਦੇ ਵਿਕਾਸ ਕੰਮਾਂ ਲਈ 70 ਲੱਖ ਤੋਂ ਵੱਧ ਰਾਸ਼ੀ ਖ਼ਰਚ ਚੁੱਕੇ ਹਨ। ਅੱਜ ਵੀ ਉਹ ਪੰਚਾਇਤ ਨੂੰ ਪੰਜ ਲੱਖ ਰੁਪਏ ਦੇ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਕਿਸਾਨ ਸੰਘਰਸ਼ ਦੀ ਲਗਾਤਾਰ ਹਮਾਇਤ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਵਿਰੋਧ ‘ਆਪ’ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਪਿੰਡ ਵਾਸੀਆਂ ਨੂੰ ਗੁੰਮਰਾਹ ਕਰਕੇ ਕਰਾਇਆ ਗਿਆ ਹੈ, ਕਿਉਂਕਿ ਪਿੰਡ ਦੇ 30 ਪਰਿਵਾਰਾਂ ਨੇ ਅੱਜ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ।
ਕਿਸਾਨ ਜਥੇਬੰਦੀਆਂ ਵਿਰੋਧ ਕਰਨ ਵਾਲਿਆਂ ਦੀ ਪਿੱਠ ਤੇ ਆਈਆਂ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਲੱਖੋਵਾਲ ਗਰੁੱਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਸਿੱਧੂਪੁਰ-ਏਕਤਾ ਗਰੁੱਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਨੇ ਕਾਂਗਰਸੀ ਵਿਧਾਇਕ ਦੇ ਵਿਰੋਧ ਨੂੰ ਦਰੁਸਤ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੁੱਢਣਪੁਰ ਦੇ ਲੋਕਾਂ ਵਿਰੁੱਧ ਪੁਲੀਸ ਨੇ ਕੋਈ ਕਾਰਵਾਈ ਦੀ ਕੋਸ਼ਿਸ਼ ਕੀਤੀ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਦਾ ਡਟ ਕੇ ਵਿਰੋਧ ਕਰਨਗੀਆਂ।