ਜਗਜੀਤ ਕੁਮਾਰ
ਖਮਾਣੋਂ, 7 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਖਮਾਣੋਂ ਪੁੱਜੇ। ਇਥੇ ਪਹੁੰਚਣ ’ਤੇ ਉਨ੍ਹਾਂ ਦਾ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਡਾ. ਅਮਰਜੀਤ ਸੋਹਲ, ਹਰਬੰਸ ਸਿੰਘ ਪੰਧੇਰ, ਸੁਰਿੰਦਰ ਸਿੰਘ ਰਾਮਗੜ੍ਹ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ। ਇਸ ਮੌਕੇ ਐੱਸਐੱਸ ਫਾਰਮ ਖਮਾਣੋਂ ਵਿੱਚ ਜੁੜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਪਾਰਟੀ ਵਿਚ ਅਨੁਸ਼ਾਸਨ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਉਨ੍ਹਾਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਾਂਗਰਸ ਦੀ ਹਾਰ ਦਾ ਜ਼ਿੰਮੇਵਾਰ ਪਾਰਟੀ ਦੇ ਵੱਡੇ ਆਗੂਆਂ ਵਿਚਾਲੇ ਚੱਲੀ ਖਿੱਚੋਤਾਣ ਨੂੰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਜੇ ਵਿਧਾਨ ਸਭਾ ਦੀਆਂ ਚੋਣਾਂ ਲਈ 4 ਸਾਲ 10 ਮਹੀਨੇ ਦਾ ਸਮਾਂ ਪਿਆ ਹੈ ਤੇ ਜੇਕਰ ਅਸੀਂ ਲਾਮਬੰਦ ਹੋ ਜਾਈਏ ਅਤੇ ਆਪਣੇ ਘਰ ਨੂੰ ਹੀ ਠੀਕ ਕਰ ਲਈਏ ਤਾਂ ਪੰਜਾਬ ਵਿੱਚ ਵਾਪਸ ਸਰਕਾਰ ਬਣਾ ਸਕਦੇ ਹਾਂ।
ਇਸ ਮੌਕੇ ਦਵਿੰਦਰ ਸਿੰਘ ਘੁਬਾਇਆ, ਹਰਚਰਨ ਸਿੰਘ, ਸੁਭਾਸ਼ ਸੂਦ, ਐਡਵੋਕੇਟ ਭਾਰਤ ਭੂਸ਼ਣ ਵਰਮਾ, ਹਰਬੰਸ ਸਿੰਘ ਪੰਧੇਰ, ਸੁਰਿੰਦਰ ਸਿੰਘ ਰਾਮਗੜ੍ਹ, ਡਾ. ਅਮਰਜੀਤ ਸੋਹਲ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ।