ਯਸ਼ ਚਟਾਨੀ
ਬਾਘਾਪੁਰਾਣਾ, 18 ਜਨਵਰੀ
ਕਾਂਗਰਸ ਵੱਲੋਂ ਹਲਕਾ ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ ਨੂੰ ਮੁੜ ਟਿਕਟ ਦੇਣ ਵਿਰੁੱਧ ਅੱਜ ਪੀਪੀਸੀਸੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬਰਾੜ, ਸਕੱਤਰ ਭੋਲਾ ਸਿੰਘ ਬਰਾੜ, ਯੋਧਾ ਸਿੰਘ ਬਰਾੜ, ਸੁਖਜਿੰਦਰ ਸਿੰਘ ਸੁੱਖਾ, ਯੂਥ ਕਾਂਗਰਸ ਦੇ ਸਾਬਕਾ ਉਪ ਪ੍ਰਧਾਨ ਮਨਦੀਪ ਕੱਕੜ ਸਮੇਤ ਹਲਕੇ ਦੇ ਹੋਰ ਸੀਨੀਅਰ ਆਗੂਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਸਮਾਧ ਭਾਈ ਵਿੱਚ ਭੋਲਾ ਸਿੰਘ ਬਰਾੜ ਦੀ ਅਗਵਾਈ ਹੇਠ ਹਲਕੇ ਦੇ ਸੀਨੀਅਰ ਆਗੂਆਂ ਵੱਲੋਂ ਦੋ ਵਾਰ ਇਕੱਠ ਕੀਤੇ ਗਏ ਸਨ। ਇਨ੍ਹਾਂ ਇਕੱਠਾਂ ਵਿੱਚ ਦਰਸ਼ਨ ਸਿੰਘ ਬਰਾੜ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰਦਿਆਂ ਭੋਲਾ ਸਿੰਘ ਬਰਾੜ ਜਾਂ ਹਲਕਾ ਬਾਘਾਪੁਰਾਣਾ ’ਚੋਂ ਕਿਸੇ ਹੋਰ ਮੋਹਰੀ ਆਗੂ ਨੂੰ ਟਿਕਟ ਦੇਣ ਦੀ ਮੰਗ ਕੀਤੀ ਗਈ ਸੀ। ਹੁਣ ਬਰਾੜ ਨੂੰ ਮੁੜ ਕਾਂਗਰਸ ਦਾ ਉਮੀਦਵਾਰ ਐਲਾਨਿਆ ਗਿਆ ਤਾਂ ਸਥਾਨਕ ਆਗੂਆਂ ਨੇ ਕਾਂਗਰਸ ਪਾਰਟੀ ਦੇ ਇਸ ਫ਼ੈਸਲੇ ਖ਼ਿਲਾਫ਼ ਲਾਮਬੰਦੀ ਤੇਜ਼ ਕਰ ਦਿੱਤੀ ਅਤੇ ਹੰਗਾਮੀ ਮੀਟਿੰਗ ਸੱਦ ਕੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ।
ਅੱਜ ਅਸਤੀਫ਼ੇ ਦੇਣ ਵਾਲਿਆਂ ਵਿੱਚ ਸਾਬਕਾ ਕੌਂਸਲਰ ਗੁਰਜੰਟ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਬਲਾਕ ਸਮਿਤੀ ਬਾਘਾਪੁਰਾਣਾ ਦੇ ਸਾਬਕਾ ਉਪ ਪ੍ਰਧਾਨ ਰਣਧੀਰ ਸਿੰਘ ਗਿੱਲ ਫੂਲੇਵਾਲਾ ਤੋਂ ਇਲਾਵਾ 20 ਤੋਂ ਵੱਧ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਾਈ ਕਮਾਂਡ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਨੂੰ ਉਮੀਦਵਾਰ ਐਲਾਨਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।