ਪਾਲ ਸਿੰਘ ਨੌਲੀ
ਜਲੰਧਰ, 29 ਜੂਨ
ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸਸੀ ਵਿੰਗ ਦੇ ਕੋਆਰਡੀਨੇਟਰ ਸੁਰੇਸ਼ ਕੁਮਾਰ ਪੰਜਾਬ ਕਾਂਗਰਸ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਤੋਂ ਅਣਜਾਣ ਨਜ਼ਰ ਆਏ। ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਨੂੰ ਕਾਂਗਰਸ ਸਰਕਾਰ ਦੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਤੇ ਚੋਣ ਵਾਅਦਿਆਂ ਬਾਰੇ ਪੁੱਛਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਨੂੰ ਪੜ੍ਹਾਉਣ ’ਤੇ ਜ਼ੋਰ ਦੇ ਰਹੀ ਹੈ ਪਰ ਸਰਕਾਰ ਕੋਲ ਨੌਕਰੀਆਂ ਤਾਂ ਹੈ ਨਹੀਂ ਜਦਕਿ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਜਵਾਬ ਵਿਚ ਕਾਂਗਰਸੀ ਆਗੂ ਸੁਰੇਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਕੋਈ ਵਾਅਦਾ ਨਹੀਂ ਸੀ ਕੀਤਾ ਸਗੋਂ ਐੱਸਸੀ ਤੇ ਐੱਸਟੀ ਕੋਟੇ ਦਾ ਬੈਕਲਾਗ ਭਰਨ ਦਾ ਵਾਅਦਾ ਕੀਤਾ ਸੀ। ਜ਼ਿਕਰਯੋਗ ਹੈ ਕਿ 2017 ਵਿਚ ਕਾਂਗਰਸ ਦਾ ਸਭ ਤੋਂ ਵੱਡਾ ਚੋਣ ਮੁੱਦਾ ਘਰ-ਘਰ ਨੌਕਰੀ ਦੇਣ ਦਾ ਸੀ। ਚੋਣ ਮੈਨੀਫੈਸਟੋ ਵਿਚ ਵਾਅਦਾ ਹੋਣ ਦੇ ਬਾਵਜੂਦ ਦਿੱਲੀ ਤੋਂ ਆਏ ਸੁਰੇਸ਼ ਕੁਮਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨਾਲ ਬੈਠੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਵੀ ਉਨ੍ਹਾਂ ਦੀ ਗੱਲ ਨੂੰ ਦਰੁਸਤ ਕਰਨ ਦੀ ਜ਼ਹਿਮਤ ਨਹੀਂ ਕੀਤੀ।
ਉਹ ਕਾਂਗਰਸ ਵੱਲੋਂ ਪੈਨਸ਼ਨ ਵਧਾਉਣ ਦੇ ਮਾਮਲੇ ਵਿਚ ਵੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਅਰਵਿੰਦ ਕੇਜਰੀਵਾਲ ਵੱਲੋਂ ਸਰਕਾਰ ਬਣਨ ’ਤੇ 300 ਯੂਨਿਟ ਮੁਫਤ ਬਿਜਲੀ ਦੇਣ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਐਲਾਨ ਹੀ ਕਰ ਰਹੇ ਹਨ ਜਦਕਿ ਦਿੱਲੀ ਵਿਚ ‘ਆਪ’ ਦੀ ਸਰਕਾਰ ਸਿਹਤ ਸਹੂਲਤਾਂ ਦੇਣ ਵਿਚ ਫੇਲ੍ਹ ਹੋਈ ਹੈ।