ਗਗਨਦੀਪ ਅਰੋੜਾ
ਲੁਧਿਆਣਾ, 21 ਅਕਤੂਬਰ
ਨਿਹੰਗ ਜਥੇਬੰਦੀਆਂ ਖ਼ਿਲਾਫ਼ ਲਗਾਤਾਰ ਬੋਲਣ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਨਿਹੰਗ ਜਥੇਬੰਦੀਆਂ ਨਾਲ ਉਸ ਵੇਲੇ ਸਾਹਮਣਾ ਹੋ ਗਿਆ ਜਦੋਂ ਉਹ ਕਿਸੇ ਕੰਮ ਤੋਂ ਪੁਲੀਸ ਕਮਿਸ਼ਨਰ ਕੋਲ ਆਏ ਸਨ।
ਦਰਅਸਲ ਥਾਣਾ ਡਵੀਜਨ ਨੰਬਰ 3 ਵਿੱਚ ਗੁਰੂ ਨਾਨਕ ਦੇਵ ਦੇ ਮਾਤਾ-ਪਿਤਾ ਬਾਰੇ ਸੋਸ਼ਲ ਮੀਡੀਆ ’ਤੇ ਅਪਸ਼ਬਦ ਬੋਲਣ ਦੇ ਮਾਮਲੇ ’ਚ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਸਬੰਧੀ ਨਿਹੰਗ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਸਨ ਕਿ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨਾਲ ਪੁਲੀਸ ਕਮਿਸ਼ਨਰ ਕੋਲ ਆਪਣੇ ਕਿਸੇ ਕੰਮ ਲਈ ਆਏ। ਦੋਵੇਂ ਆਗੂ ਪੁਲੀਸ ਕਮਿਸ਼ਨਰ ਦੇ ਦਫ਼ਤਰ ਤੋਂ ਜਾਣ ਲੱਗੇ ਤਾਂ ਉਨ੍ਹਾਂ ਦਾ ਨਿਹੰਗ ਜਥੇਬੰਦੀਆਂ ਨਾਲ ਟਕਰਾਅ ਹੋ ਗਿਆ। ਇਸੇ ਦੌਰਾਨ ਨਿਹੰਗ ਸਿੰਘਾਂ ਨੇ ਦੋਵਾਂ ਆਗੂਆਂ ਨੂੰ ਘੇਰ ਲਿਆ ਪਰ ਮੰਡ ਪੁਲੀਸ ਕਰਮੀਆਂ ਦੀ ਮਦਦ ਨਾਲ ਵਾਪਸ ਪੁਲੀਸ ਕਮਿਸ਼ਨਰ ਦਫ਼ਤਰ ਵੱਲ ਚਲੇ ਗਏ। ਨਿਹੰਗਾਂ ਨੇ ਮੰਡ ਦਾ ਪਿੱਛਾ ਕੀਤਾ ਤਾਂ ਭੱਜਣ ਲੱਗੇ ਉਸ ਦੀ ਦਸਤਾਰ ਥੱਲੇ ਡਿੱਗ ਗਈ। ਇਸ ਮਗਰੋਂ ਉਸ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਪੁਲੀਸ ਕਰਮੀਆਂ ਨੇ ਘੇਰਾ ਪਾ ਕੇ ਮੰਡ ਨੂੰ ਸੁਰੱਖਿਅਤ ਪੁਲੀਸ ਕਮਿਸ਼ਨਰ ਦੇ ਦਫ਼ਤਰ ਵਾਪਸ ਲਿਆਂਦਾ।
ਨਿਹੰਗਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਦੇਖਣ ਮਗਰੋਂ ਮੰਡ ਨੇ ਜਾਣ-ਬੁਝ ਕੇ ਅਪਸ਼ਬਦ ਬੋਲੇ, ਜਦਕਿ ਮੰਡ ਨੇ ਕਿਹਾ ਕਿ ਬਿਨਾਂ ਵਜ੍ਹਾ ਨਿਹੰਗ ਜਥੇਬੰਦੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਵਿਰੋਧ ਕੀਤਾ ਤਾਂ ਨਿਹੰਗਾਂ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਮੰਡ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਭੱਜ ਕੇ ਜਾਨ ਬਚਾਉਣੀ ਪਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਨਿਹੰਗ ਸਿੰਘਾਂ ਨੂੰ ਕਿਸੇ ਤਰ੍ਹਾਂ ਸਮਝਾ ਕੇ ਉਥੋਂ ਭੇਜ ਦਿੱਤਾ। ਇਸ ਮਗਰੋਂ ਪੁਲੀਸ ਨੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਅਤੇ ਸ਼ਿਵ ਸੈਨਾ ਆਗੂ ਅਨਿਲ ਅਰੋੜਾ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ।