ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਟਕਸਾਲੀ ਕਾਂਗਰਸੀ ਕਮਲਜੀਤ ਸਿੰਘ ਬਰਾੜ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੋਟਾਂ ਲੈਣ ਖਾਤਰ ਫਿਰਕੂ ਸੋਚ ਅਪਣਾ ਕੇ ਸਮਾਜ ਵਿੱਚ ਵੰਡੀਆਂ ਪਾਉਣ ਲਈ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਲੋਕ ਮੁੱਦਿਆਂ ਨੂੰ ਵਿਸਾਰ ਦਿੱਤਾ ਗਿਆ ਹੈ। ਉਹ ਆਪਣੀ ਚੋਣ ਮੁਹਿੰਮ ਵਿੱਚ ਇਨ੍ਹਾਂ ਮੁੱਦਿਆਂ ਨੂੰ ਬੁਲੰਦ ਕਰਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਫ਼ਿਰਕੂ ਸੋਚ ਰਾਹੀਂ ਸਮਾਜ ਨੂੰ ਵੰਡ ਰਹੇ ਹਨ। ਕਾਂਗਰਸ ਦਾ ਪਤਨ ਹੋ ਰਿਹਾ ਹੈ ਤੇ ਟਕਸਾਲੀ ਕਾਂਗਰਸੀ ਪਾਰਟੀ ਛੱਡ ਕੇ ਜਾ ਰਹੇ ਹਨ।