ਜਗਮੋਹਨ ਸਿੰਘ/ਦਰਸ਼ਨ ਸਿੰਘ ਸੋਢੀ
ਰੂਪਨਗਰ/ਐੱਸਏਐੱਸ ਨਗਰ, 7 ਮਈ
ਪਿੰਡ ਰੰਗੀਲਪੁਰ ਨੇੜੇ ਭਾਖੜਾ ਨਹਿਰ ਵਿੱਚ ਗੱਡੀ ਸੁੱਟ ਕੇ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪਤੀ ਗੁਰਧਿਆਨ ਸਿੰਘ ਨੇ ਖੁਦਕੁਸ਼ੀ ਕਰ ਲਈ। ਉਹ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕਰੀਬੀ ਸਨ। ਜਾਣਕਾਰੀ ਅਨੁਸਾਰ ਠੇਕੇਦਾਰ ਗੁਰਧਿਆਨ ਸਿੰਘ ਆਪਣੀ ਇਨਡੈਵਰ ਗੱਡੀ ਵਿੱਚ ਸਵੇਰੇ 9 ਵਜੇ ਦੇ ਕਰੀਬ ਰੂਪਨਗਰ ਵੱਲ ਆਇਆ ਸੀ ਅਤੇ ਰੰਗੀਲਪੁਰ ਨੇੜੇ ਨਹਿਰ ’ਤੇ ਬਣਿਆ ਪੁਲ ਪਾਰ ਕਰਨ ਮਗਰੋਂ ਉਨ੍ਹਾਂ ਗੱਡੀ ਕੱਚੀ ਪਟੜੀ ਵੱਲ ਮੋੜ ਕੇ ਨਹਿਰ ਵਿੱਚ ਸੁੱਟ ਦਿੱਤੀ। ਉੱਥੋਂ ਸਾਥੀਆਂ ਸਮੇਤ ਲੰਘ ਰਹੇ ਗੋਤਾਖੋਰ ਸੁਰੇਸ਼ ਕੁਮਾਰ ਨੇ ਗੱਡੀ ਨੂੰ ਨਹਿਰ ਵਿੱਚ ਡਿੱਗਦਿਆਂ ਦੇਖ ਕੇ ਬਚਾਅ ਕਾਰਜ ਸ਼ੁਰੂ ਕੀਤਾ। ਸੁਰੇਸ਼ ਕੁਮਾਰ ਨੇ ਘਟਨਾ ਦੀ ਵੀਡੀਓ ਦਿਖਾਉਂਦਿਆਂ ਦੱਸਿਆ ਕਿ ਕਾਰ ਕੁਝ ਸਮਾਂ ਪਾਣੀ ਦੇ ਬਾਹਰ ਤੈਰਦੀ ਰਹੀ ਅਤੇ ਉਨ੍ਹਾਂ ਚਾਲਕ ਨੂੰ ਗੱਡੀ ਦੀ ਖਿੜਕੀ ਖੋਲ੍ਹਣ ਲਈ ਕਿਹਾ ਪਰ ਉਸ ਵੱਲੋਂ ਖਿੜਕੀ ਨਾ ਖੋਲ੍ਹੇ ਜਾਣ ਅਤੇ ਗੱਡੀ ਅੰਦਰੋਂ ਲਾਕ ਹੋਣ ਕਾਰਨ ਉਹ ਕਾਰ ਚਾਲਕ ਨੂੰ ਬਾਹਰ ਨਾ ਕੱਢ ਸਕੇ।
ਥਾਣਾ ਸਿੰਘ ਭਗਵੰਤਪੁਰ ਦੀ ਪੁਲੀਸ ਪਾਰਟੀ ਨੇ ਤੁਰੰਤ ਘਟਨਾ ਸਥਾਨ ’ਤੇ ਪੁੱਜ ਕੇ ਬਚਾਅ ਕਾਰਜਾਂ ਵਿੱਚ ਗੋਤਾਖੋਰਾਂ ਦੀ ਮਦਦ ਕੀਤੀ ਤੇ ਲਗਭਗ ਦੋ ਢਾਈ ਘੰਟੇ ਦੀ ਜੱਦੋਜਹਿਦ ਮਗਰੋਂ ਗੱਡੀ ਨੂੰ ਚਾਲਕ ਸਮੇਤ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਕਾਰ ਚਾਲਕ ਗੁਰਧਿਆਨ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਗੁਰਧਿਆਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਗੁਰਧਿਆਨ ਸਿੰਘ ਦੀ ਪਤਨੀ ਜਸਵਿੰਦਰ ਕੌਰ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਘਟਨਾ ਸਥਾਨ ’ਤੇ ਪਹੁੰਚੇ।
ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਵੇ: ਸਿੱਧੂ
ਸਿਵਲ ਹਸਪਤਾਲ ਰੂਪਨਗਰ ਵਿੱਚ ਗੱਲ ਕਰਦਿਆਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਪਿੰਡ ਦੁਰਾਲੀ ਵਿੱਚ ਹੋਏ ਝਗੜੇ ਸਬੰਧੀ 19 ਜੂਨ, 2021 ਨੂੰ ਮੁਹਾਲੀ ਜ਼ਿਲ੍ਹੇ ਦੇ ਸੋਹਾਣਾ ਥਾਣੇ ਵਿੱਚ ਦੋ ਧਿਰਾਂ ਖ਼ਿਲਾਫ਼ ਕਰਾਸ ਪਰਚਾ ਦਰਜ ਹੋਇਆ ਸੀ ਤੇ ਦੂਜੀ ਧਿਰ ’ਤੇ ਧਾਰਾ 307 ਲੱਗੀ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਮਵਿੱਚ ‘ਆਪ’ ਦੀ ਸਰਕਾਰ ਬਣਨ ਗਰੋਂ ਦੂਜੀ ਧਿਰ ਨੇ ਪਰਚੇ ਦੀ ਇਨਕੁਆਇਰੀ ਪਾ ਦਿੱਤੀ, ਜਿਸ ’ਤੇ ਪੁਲੀਸ ਨੇ ਸਿਆਸੀ ਦਬਾਅ ਅਧੀਨ 19 ਅਪਰੈਲ ਨੂੰ ਕਾਰਵਾਈ ਕਰਦਿਆਂ ਦੂਜੀ ਧਿਰ ’ਤੇ ਲਗਾਈ ਗਈ ਧਾਰਾ 307 ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਅਤੇ ਗੁਰਧਿਆਨ ਸਿੰਘ ਵਾਲੀ ਧਿਰ ਖ਼ਿਲਾਫ਼ ਪਹਿਲਾਂ ਲਗਾਈਆਂ ਧਾਰਾਵਾਂ ਵਿੱਚ ਧਾਰਾ 307 ਦਾ ਹੋਰ ਵਾਧਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਧਿਆਨ ਦੀ ਲਗਭਗ ਹਫ਼ਤਾ ਕੁ ਪਹਿਲਾਂ ਹਾਈ ਕੋਰਟ ਤੋਂ ਜ਼ਮਾਨਤ ਮਨਜ਼ੂਰ ਹੋ ਗਈ ਸੀ ਪਰ ਉਨ੍ਹਾਂ ਦੇ ਪੁੱਤਰ ਅਤੇ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਰੱਦ ਹੋਣ ਮਗਰੋਂ ਗੁਰਧਿਆਨ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਗੁਰਧਿਆਨ ਸਿੰਘ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਥਾਣਾ ਸੋਹਾਣਾ ਦੀ ਪੁਲੀਸ ਨੇ ਦੋਸ਼ ਨਕਾਰੇ
ਥਾਣਾ ਸੋਹਾਣਾ ਦੇ ਐੱਸਐੱਚਓ ਗੁਰਜੀਤ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸਾਬਕਾ ਮੰਤਰੀ ਜਿਸ ਪਰਚੇ ਦੀ ਗੱਲ ਕਰ ਰਹੇ ਹਨ, ਉਹ ਪਰਚਾ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਹੀ ਦਰਜ ਹੋਇਆ ਸੀ। ਥਾਣਾ ਸਿੰਘ ਭਗਵੰਤਪੁਰ ਦੇ ਐੱਸਐੱਚਓ ਰੋਹਿਤ ਸ਼ਰਮਾ ਨੇ ਕਿਹਾ ਕਿ ਪੁਲੀਸ ਵੱਲੋਂ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।