ਐੱਨਪੀ ਧਵਨ
ਪਠਾਨਕੋਟ, 15 ਅਕਤੂਬਰ
ਕਾਂਗਰਸ ਪੰਜਾਬ ’ਚ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਕਿਸਾਨਾਂ ਨੂੰ ਉਕਸਾ ਰਹੀ ਹੈ ਅਤੇ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਇਹ ਗੱਲਾਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇਥੇ ਪੱਤਰਕਾਰਾਂ ਕੋਲ ਕੀਤੀਆਂ। ਉਹ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਆਗੂਆਂ ਖ਼ਿਲਾਫ਼ ਜੋ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਸ ਦੀ ਪੁਸ਼ਤਪਨਾਹੀ ਕਾਂਗਰਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ ਦੇ ਪਾਰਟੀ ਦਫ਼ਤਰਾਂ ਵਿੱਚ ਕੀਤੇ ਗਏ ਹਮਲੇ ਵਿੱਚ ਯੂਥ ਕਾਂਗਰਸ ਦੇ ਆਗੂ ਸ਼ਾਮਲ ਸਨ।
ਉਨ੍ਹਾਂ ਆਪਣੇ ’ਤੇ ਹੋਏ ਹਮਲੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਸ ਪਿੱਛੇ ਲੱਗੀ ਹੋਈ ਇਨੋਵਾ ਗੱਡੀ ਵਿੱਚ ਸ਼ਾਮਲ ਵਿਅਕਤੀ ਵੀ ਫੇਸਬੁੱਕ ਉਪਰ ਅੱਗੇ ਨਿਰਦੇਸ਼ ਦਿੰਦਿਆਂ ਕਹਿ ਰਿਹਾ ਹੈ ਕਿ ਪ੍ਰਧਾਨ ਨੇ ਭੰਗਾਲਾ ਪਾਰ ਕਰ ਲਿਆ ਹੈ, ਤਿਆਰ ਹੋ ਜਾਵੋ। ਇਹ ਹਮਲਾ ਉਨ੍ਹਾਂ ਦੇ ਵਰਕਰਾਂ ਨੂੰ ਡਰਾਉਣ ਲਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਜਾਂਚ ਕਰਵਾਉਣ ਦੇ ਬਿਆਨ ਦੇ ਰਿਹਾ ਹੈ, ਜਦ ਕਿ ਹਕੀਕਤ ਇਹ ਹੈ ਕਿ ਅਜੇ ਤੱਕ ਕਿਸੇ ਵੀ ਪੁਲੀਸ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਸ੍ਰੀ ਸ਼ਰਮਾ ਨੇ ਸਪੱਸ਼ਟ ਐਲਾਨ ਕੀਤਾ ਕਿ ਜੇਕਰ ਪੰਜਾਬ ਅੰਦਰ ਭਾਜਪਾ ਦੇ ਵਰਕਰ ਹੀ ਸੁਰੱਖਿਅਤ ਨਹੀਂ ਤਾਂ ਫਿਰ ਉਨ੍ਹਾਂ ਨੂੰ ਵੀ ਸੁਰੱਖਿਆ ਦੀ ਕੋਈ ਲੋੜ ਨਹੀਂ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਭਾਜਪਾ ਆਗੂਆਂ ਦਾ ਖੂਨ ਲੈ ਲੈਣ ਨਾਲ ਪੰਜਾਬ ਅੰਦਰ ਸ਼ਾਂਤੀ ਕਾਇਮ ਹੋ ਸਕਦੀ ਹੈ ਤਾਂ ਉਹ ਉਨ੍ਹਾਂ ਨੂੰ ਜਗ੍ਹਾ ਅਤੇ ਸਮਾਂ ਦੱਸ ਦੇਣ, ਉਹ ਖੁਦ ਹੀ ਨਿਹੱਥੇ ਉੱਥੇ ਪੁੱਜ ਜਾਣਗੇ।