ਪੱਤਰ ਪ੍ਰੇਰਕ
ਪਠਾਨਕੋਟ, 28 ਨਵੰਬਰ
ਕਿਸਾਨਾਂ ਦਾ ਮਸਲਾ ਹੱਲ ਹੋ ਚੁੱਕਾ ਹੈ ਪਰ ਕਾਂਗਰਸ ਸਮਰਥਕ ਕੁਝ ਲੋਕ ਅਜੇ ਵੀ ਇਸ ਨੂੰ ਜਾਣ-ਬੁੱਝ ਕੇ ਉਭਾਰ ਰਹੇ ਹਨ ਅਤੇ ‘ਆਪ’ ਵੀ ਇਸ ਵਿੱਚ ਸ਼ਾਮਲ ਹੈ। ਇਹ ਗੱਲਾਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇਥੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਿਰਫ਼ ਐਲਾਨ ਕਰ ਰਹੀ ਹੈ, ਜਦ ਕਿ ਹਕੀਕਤ ਰੇਤ-ਬੱਜਰੀ ਦੀਆਂ ਕੀਮਤਾਂ ਵਿੱਚ ਅਜੇ ਵੀ ਕੋਈ ਕਮੀ ਨਹੀਂ ਆਈ ਹੈ, ਨਸ਼ਾ ਪਹਿਲਾਂ ਵਾਂਗ ਵਿਕ ਰਿਹਾ ਹੈ ਅਤੇ ਬੇਰੁਜ਼ਗਾਰਾਂ ’ਤੇ ਰੋਜ਼ਾਨਾ ਲਾਠੀਚਾਰਜ ਹੋ ਰਿਹਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਆਪਣੀ ਸਰਕਾਰ ’ਤੇ ਦੋਸ਼ ਲਗਾ ਰਹੇ ਹਨ, ਇਸ ਕਰਕੇ ਕਾਂਗਰਸ ਦੀ ਬੇੜੀ ਨੂੰ ਡੋਬਣ ਲਈ ਇਕੱਲਾ ਸਿੱਧੂ ਹੀ ਕਾਫੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜੇ ਤੱਕ ਪੰਜਾਬ ਅੰਦਰ ਸਿਆਸੀ ਜ਼ਮੀਨ ਤਲਾਸ਼ਣ ਵਿੱਚ ਨਾਕਾਮਯਾਬ ਰਿਹਾ ਹੈ ਤੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਵੀ ਕੋਈ ਪਤਾ ਨਹੀਂ ਕਿ ਉਹ ਕਿਸ ਵੇਲੇ ਕੇਜਰੀਵਾਲ ਨੂੰ ਦਗਾ ਦੇ ਦੇਵੇ। ਅਜਿਹੀ ਹਾਲਤ ਵਿੱਚ ਭਾਜਪਾ ਹੀ ਅਜਿਹੀ ਪਾਰਟੀ ਹੈ, ਜਿਸ ਵਿੱਚ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਲਾਈ ਚੋਣ ਵਾਅਦਿਆਂ ਦੀ ਝੜੀ ’ਤੇ ਤੰਨਜ਼ ਕੱਸਦਿਆਂ ਕਿਹਾ ਕਿ ਜਦੋਂ ਦੁਕਾਨ ਦੇ ਅੰਦਰ ਮਾਲ ਹੀ ਨਹੀਂ ਤਾਂ ਵੰਡੋਂਗੇ ਕਿੱਥੋ। ਉਹ ਅੱਜ ਪਾਰਟੀ ਵਰਕਰਾਂ ਨਾਲ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਆਏ ਸਨ।