ਖੇਤਰੀ ਪ੍ਰਤੀਨਿਧ
ਪਟਿਆਲਾ, 27 ਜੁਲਾਈ
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਮਗਰੋਂ ਹੁਣ ਪਟਿਆਲਾ ਦੇ ਨਾਭਾ ਹਲਕੇ ਦੇ ਵਿਧਾਇਕ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਉਨ੍ਹਾਂ ਦੀ ਪਿੱਠ ’ਤੇ ਆ ਖਲੋਤੇ ਹਨ। ਧਰਮਸੋਤ ਦਾ ਤਰਕ ਹੈ ਕਿ ਪੰਜਾਬ ਵਿੱਚ ਅਮਰਿੰਦਰ ਸਿੰਘ ਕਰਕੇ ਹੀ ਕਾਂਗਰਸ ਜ਼ਿੰਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਤੀ ਅਪਣਾਏ ਗਏ ਰਵੱਈਏ ਨੂੰ ਲੈ ਕੇ ਵੀ ਨਵਜੋਤ ਸਿੰਘ ਸਿੱਧੂ ਨੂੰ ਕੋਸਿਆ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਹਲਕਿਆਂ ਵਿੱਚੋਂ ਸੱਤ ’ਤੇ ਕਾਂਗਰਸੀ ਵਿਧਾਇਕ ਹਨ। ਮਹਿੰਦਰਾ ਤੇ ਧਰਮਸੋਤ ਮੰਤਰੀ ਹਨ ਤਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ। ਬਾਕੀਆਂ ਵਿੱਚੋਂ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਜ਼ਿਲ੍ਹੇ ਦੇ ਇਕਲੌਤੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦੇ ਘਰ ਨਵਜੋਤ ਸਿੱਧੂ ਖ਼ੁਦ ਗਏ ਸਨ। ਇਸ ਦੌਰਾਨ ਜਲਾਲਪੁਰ ਦੀ ਅਗਵਾਈ ਹੇਠ ਨਾ ਸਿਰਫ਼ ਘਨੌਰ, ਸਗੋਂ ਹੋਰਨਾਂ ਹਲਕਿਆਂ ਤੋਂ ਪੁੱਜੇ ਕਾਂਗਰਸੀਆਂ ਨੇ ਵੀ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਸੀ। ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਸਿੱਧੂ ਦੇ ਪ੍ਰਧਾਨ ਬਣਨ ਦੀ ਪਹਿਲੀ ਹੀ ਸਵੇਰ ਖ਼ੁਦ ਸਿੱਧੂ ਨੂੰ ਘਰ ਆ ਕੇ ਮਿਲੇ ਸਨ। ਲਾਲ ਸਿੰਘ ਦੇ ਫਰਜ਼ੰਦ ਹੋਣ ਕਰਕੇ ਸਮਾਣਾ ਤੋਂ ਵਿਧਾਇਕ ਕਾਕਾ ਰਾਜਿੰਦਰ ਸਿੰਘ ਪਾਰਟੀ ’ਚ ਨਿਵੇਕਲਾ ਆਧਾਰ ਰੱਖਦੇ ਹਨ, ਜਿਨ੍ਹਾਂ ਦੀ ਵੀ ਸਿੱਧੂ ਨਾਲ ਮੁਲਾਕਾਤ ਹੋ ਚੁੱਕੀ ਹੈ। ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਦੀ ਵੀ ਅਨੇਕਾਂ ਹੋਰਨਾ ਵਿਧਾਇਕਾਂ ਵਾਂਗ ਨਵਜੋਤ ਸਿੱਧੂ ਨਾਲ਼ ਮੁਲਾਕਾਤ ਹੋ ਚੁੱਕੀ ਹੈ।