ਰਵੇਲ ਸਿੰਘ ਭਿੰਡਰ
ਪਟਿਆਲਾ, 8 ਸਤੰਬਰ
ਕਾਂਗਰਸ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਦੋ ਨਵੀਆਂ ਯੂਨੀਵਰਸਿਟੀਆਂ ਖੋਲ੍ਹੇ ਜਾਣ ’ਤੇ ਸਖ਼ਤ ਇਤਰਾਜ਼ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਦੋ ਨਵੀਆਂ ਯੂਨੀਵਰਸਿਟੀਆਂ ਪਹਿਲਾਂ ਹੀ ਵਿੱਤੀ ਤੌਰ ’ਤੇ ਔਖੇ ਸਾਹ ਲੈ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬਰਬਾਦ ਕਰ ਦੇਣਗੀਆਂ। ਸੈੱਲ ਦੇ ਸੂਬਾਈ ਚੇਅਰਮੈਨ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਪੰਕਜ ਮਹਿੰਦਰੂ ਨੂੰ ਇਹ ਵੀ ਇਤਰਾਜ਼ ਹੈ ਕਿ ਦੋਵੇਂ ਯੂਨੀਵਰਸਿਟੀਆਂ ਬਿਨਾਂ ਕਿਸੇ ਠੋਸ ਤੇ ਵਿਆਪਕ ਯੋਜਨਾ ਦੇ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਹਿਲਕਦਮੀ ਸਦਕਾ ਪਟਿਆਲਾ ’ਚ ਦੋ ਨਵੀਆਂ ਯੂਨੀਵਰਸਿਟੀਆਂ ‘ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ’ ਤੇ ‘ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ’ ਖੋਲ੍ਹੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਪਹਿਲੇ ਕਾਰਜਕਾਲ ਦੌਰਾਨ ਆਪਣੇ ਸ਼ਹਿਰ ’ਚ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਸਥਾਪਿਤ ਕਰਵਾਈ ਸੀ। ਸੈੱਲ ਦੇ ਸੂਬਾਈ ਚੇਅਰਮੈਨ ਨੇ ਬਿਆਨ ਜਾਰੀ ਕਰ ਕੇ ਰੋਸ ਜਤਾਇਆ ਕਿ ਆਉਣ ਵਾਲੇ ਵਿੱਦਿਅਕ ਸਾਲਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੇਡ ਵਿਭਾਗ ਅਤੇ ਡਿਸਟੈਂਸ ਐਜੂਕੇਸ਼ਨ ਵਿਭਾਗ ਨੂੰ ਨੁਕਸਾਨ ਪੁੱਜ ਸਕਦਾ ਹੈ ਕਿਉਂਕਿ ਦੋਵੇਂ ਨਵੀਆਂ ਯੂਨੀਵਰਸਿਟੀਆਂ ਬਕਾਇਦਾ ਖੇਡ ਤੇ ਡਿਸਟੈਂਸ ਸਿੱਖਿਆ ਆਧਾਰਿਤ ਹੀ ਹਨ। ਲਿਹਾਜ਼ਾ ਪੰਜਾਬੀ ਯੂਨੀਵਰਸਿਟੀ ਦੋਵੇਂ ਉਤਮ ਵਿਭਾਗਾਂ ਖੇਡ ਤੇ ਡਿਸਟੈਂਸ ਐਜੂਕੇਸ਼ਨ ਬਗੈਰ ਅੱਗੇ ਵਧ ਹੀ ਨਹੀਂ ਸਕੇਗੀ। ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਪਹਿਲਾਂ ਹੀ ਫੰਡਾਂ ਦੀ ਘਾਟ ’ਚ ਦਮ ਘੁੱਟ ਰਹੀ ਹੈ ਤੇ ਨਵੀਆਂ ਯੂਨੀਵਰਸਿਟੀਆਂ ਮਗਰੋਂ ਕਿਵੇਂ ਕਾਇਮ ਰਹਿ ਸਕਦੀ ਹੈ। ਡਾ. ਪੰਕਜ ਮਹਿੰਦਰੂ ਮੁਤਾਬਿਕ ਕਾਂਗਰਸ ਦਾ ਪੰਜਾਬ ਪ੍ਰਦੇਸ਼ ਮਨੁੱਖੀ ਅਧਿਕਾਰ ਸੈਲ 2016 ਤੋਂ ਸਰਗਰਮ ਹੈ।