ਟੋਨੀ ਛਾਬੜਾ/ ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 11 ਫਰਵਰੀ
ਇੱਥੇ ਨਗਰ ਕੌਂਸਲ ਚੋਣਾਂ ਲੜ ਰਹੇ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਈ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਾਰਡ ਨੰਬਰ ਸੱਤ ਅਤੇ ਅੱਠ ਦੇ ਸਾਂਝੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸੱਤ ਮਹੀਨੇ ਬਾਅਦ ਪੰਜਾਬ ਵਿੱਚੋਂ ਕਾਂਗਰਸ ਦਾ ਸਫਾਇਆ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਕੀਤੇ ਵਿਕਾਸ ਦੇ ਮੂੰਹ ਨੂੰ ਵੋਟ ਮੰਗ ਰਿਹਾ ਹੈ ਅਤੇ ਜੋ ਲੋਕ ਵਿਕਾਸ ਪਸੰਦ ਅਤੇ ਅਮਨ ਸ਼ਾਂਤੀ ਪਸੰਦ ਹਨ, ਉਹ ਜ਼ਰੂਰ ਵੋਟ ਪਾਉਣ। ਉਨ੍ਹਾਂ ਅੱਜ ਸ਼ਹਿਰ ਦੇ 17 ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ’ਚ 6 ਥਾਵਾਂ ’ਤੇ ਚੋਣ ਜਲਸਿਆਂ ਨੁੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਦਾ ਸਬੂਤ ਦਿੱਤਾ ਹੈ ਉਸ ਤੋਂ ਸ਼ਹਿਰ ਦੀ ਜਨਤਾ ਜਾਣੂ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦਾ ਸਮਾਂ ਬਿਲਕੁਲ ਥੋੜ੍ਹਾ ਰਹਿ ਗਿਆ ਹੈ ਅਤੇ ਪੰਜਾਬ ਦੇ ਲੋਕ ਇਸ ਦੇ ਵਰਕਰਾਂ ਨੂੰ ਆਪਣੇ ਘਰਾਂ ’ਚ ਵੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਚੋਣ ਕਮਿਸ਼ਨ ਕਾਂਗਰਸ ਪਾਰਟੀ ਦੀ ਝੋਲੀ ’ਚ ਬੈਠ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਫਸਰਸ਼ਾਹੀ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਲੋਕਾਂ ਨੂੰ ਦਬਕੇ ਮਾਰ ਰਹੀ ਹੈ।