ਮੁੱਖ ਅੰਸ਼
- 2 ਅਪਰੈਲ ਨੂੰ 100 ਵੱਡੀਆਂ ਗੱਡੀਆਂ ਦਾ ਕਾਫ਼ਲਾ ਬੇਗਮਪੁਰਾ ਪਾਤਸ਼ਾਹੀ ਬਣਾਓ ਮਹਾਰੈਲੀ ਵਿੱਚ ਸ਼ਾਮਲ ਹੋਵੇਗਾ।
ਸੰਜੀਵ ਬੱਬੀ
ਚਮਕੌਰ ਸਾਹਿਬ, 21 ਮਾਰਚ
ਅੱਜ ਇਥੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਹਲਕੇ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ, ਕਿਉਂਕਿ ਨਿੱਜੀ ਖੇਤਰਾਂ ਵਿੱਚ ਰਾਖਵਾਂਕਰਨ ਨਾ ਲਾਗੂ ਕਰਨ ਦਾ ਬਿਆਨ ਕਾਂਗਰਸੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਜੇ ਤੱਕ ਪੂਰੇ ਤਾਂ ਕੀ ਕਰਨੇ ਸਨ, ਸਗੋਂ ਡਾ. ਅੰਬੇਡਕਰ ਦੇ ਸੰਵਿਧਾਨ ਲਿਖਤ ਨੀਤੀ ਨਿਰਦੇਸ਼ਕ ਤੱਤਾਂ ਦੀ ਹਮੇਸ਼ਾ ਉਲੰਘਣਾ ਕਰਕੇ ਦਲਿਤਾ ਨੂੰ ਕੁਚਲਣ ਦਾ ਕੰਮ ਕੀਤਾ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਚਮਕੌਰ ਸਾਹਿਬ ਵਿਧਾਨ ਸਭਾ ਤੋਂ 2 ਅਪਰੈਲ ਨੂੰ 100 ਵੱਡੀਆਂ ਗੱਡੀਆਂ ਦਾ ਕਾਫ਼ਲਾ ਬੇਗਮਪੁਰਾ ਪਾਤਸ਼ਾਹੀ ਬਣਾਓ ਮਹਾਰੈਲੀ ਲਈ ਪਿੰਡ ਖੁਵਾਸਪੁਰਾ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਾਮਪਾਲ, ਮਨਜੀਤ ਸਿੰਘ, ਕਰਨੈਲ ਸਿੰਘ, ਪ੍ਰੇਮ ਸਿੰਘ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਭੂਰੜੇ, ਦਰਸ਼ਨ ਸਿੰਘ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।