ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਅਪਰੈਲ
ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਖੁਰਾਕ ਮੰਤਰੀ ਕੇਵੀ ਥੌਮਸ ਨੂੰ ਦੋ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਸ ’ਤੇ ਅੰਤਮ ਫ਼ੈਸਲਾ ਕੀਤਾ ਜਾਵੇਗਾ। ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਅੱਜ ਸ੍ਰੀ ਜਾਖੜ ਨੇ ਟਵਿਟ ਕਰਕੇ ਵਿਅੰਗ ਕਰਦਿਆਂ ਕਿਹਾ ਸੀ ਕਿ ਜਿਨ੍ਹਾਂ ਕੋਲ ਹਾਲੇ ਵੀ ਜ਼ਮੀਰ ਹੈ ਉਨ੍ਹਾਂ ਨੂੰ ਸਜ਼ਾ ਮਿਲੇਗੀ। ਕਾਂਗਰਸ ਅਨੁਸ਼ਾਸਨੀ ਕਮੇਟੀ ਨੇ 11 ਅਪਰੈਲ ਨੂੰ ਜਾਖੜ ਨੂੰ ਉਨ੍ਹਾਂ ਦੀਆਂ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਹਫ਼ਤੇ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ। ਹਾਲਾਂਕਿ ਜਾਖੜ ਨੇ ਕਮੇਟੀ ਨੂੰ ਜਵਾਬ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਪਾਰਟੀ ਅਨੁਸ਼ਾਸਨੀ ਕਮੇਟੀ ਵੱਲੋਂ ਸਿਫ਼ਾਰਸ਼ ਤੋਂ ਬਾਅਦ ਸ੍ਰੀ ਜਾਖੜ ਨੇ ਪਾਰਟੀ ਨੂੰ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ ਹਨ।