ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ’ਚ ਲੰਮੇ ਸਮੇਂ ਤੋਂ ਜਾਰੀ ‘ਕੁਰਸੀ’ ਦੀ ਲੜਾਈ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਬਹੁਤ ਗੁੱਸਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਭਾਵੇਂ ਜਿੰਨੇ ਮਰਜ਼ੀ ਚਿਹਰੇ ਬਦਲ ਲਵੇ ਪਰ ਲੋਕ ਕਾਂਗਰਸ ਦਾ ਅਕਾਲੀ-ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ। ਸ੍ਰੀ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਦਿੱਤੇ ਗਏ ਅਸਤੀਫ਼ੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਲੀ ਬਾਬਾ ਬਦਲੇ ਜਾਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਜਿਹੜਾ ਵੀ ਚਿਹਰਾ (ਮੁੱਖ ਮੰਤਰੀ) ਬਦਲ ਲਵੇ ਪਰ ਆਪਣੀ ਝੂਠੀ, ਭ੍ਰਿਸ਼ਟਾਚਾਰੀ ਤੇ ਮੌਕਾ ਪ੍ਰਸਤੀ ਵਾਲੀ ਫ਼ਿਤਰਤ ਨਹੀਂ ਬਦਲ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸੀ ਖਾਨਾਜੰਗੀ ਨੇ ਪੰਜਾਬ ਅਤੇ ਲੋਕਾਂ ਦੇ ਸਾਰੇ ਅਹਿਮ ਮੁੱਦੇ ਪਿੱਛੇ ਸੁੱਟ ਦਿੱਤੇ। ‘ਆਪ’ ਆਗੂ ਨੇ ਕਿਹਾ ਕਿ ਕਾਂਗਰਸ ਵਿੱਚ ਫੇਰਬਦਲ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਆਖ਼ਰੀ ਕੋਸ਼ਿਸ਼ ਹੈ। ਇਹ ਸਾਢੇ ਚਾਰ ਸਾਲਾਂ ਦੀਆਂ ਨਾਕਾਮੀਆਂ ਦਾ ਠੀਕਰਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਸਿਰ ਭੰਨ ਕੇ ਬਾਕੀ ਪਾਰਟੀ ਨੂੰ ਪਾਕ-ਪਵਿੱਤਰ ਬਣਾਉਣ ਦਾ ਯਤਨ ਹੈ।