ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਫਰਵਰੀ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਮਾੜੀਆਂ ਸਿਹਤ ਸੇਵਾਵਾਂ ਲਈ ਕਾਂਗਰਸ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਉਪਲਬਧਤਾ ਕਿਸੇ ਤੋਂ ਛੁਪੀ ਹੋਈ ਨਹੀਂ ਹੈ, ਪਰ ਪਿਛਲੇ ਕੁਝ ਮਹੀਨਿਆਂ ’ਚ ਇਹ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ, ਜਦੋਂ ਚੰਨੀ ਸਰਕਾਰ ਨੇ ਬਿਨਾਂ ਕੋਈ ਹੋਰ ਦੂਸਰਾ ਵਿਚਾਰ ਕੀਤੇ ਬੀਮਾ ਕੰਪਨੀ ਦੇ ਠੇਕੇ ਰੱਦ ਕਰ ਦਿੱਤੇ। ਇਸ ਨਾਲ ਲੋਕਾਂ ਨੂੰ ਆਯੂਸ਼ਮਾਨ ਯੋਜਨਾ (5 ਲੱਖ ਸਿਹਤ ਕਾਰਡ) ਦਾ ਲਾਭ ਮਿਲਦਾ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਦਾ ਕੰਟਰੋਲ ਸੂਬਾ ਸਰਕਾਰ ਕੋਲ ਹੈ। ਪੰਜਾਬ ਸਰਕਾਰ ਬੀਮਾ ਕੰਪਨੀਆਂ ਨੂੰ ਠੇਕੇ ਦਿੰਦੀ ਹੈ, ਜਿਸ ਰਾਹੀਂ ਲੋਕ ਇਸ ਸਕੀਮ ਤੱਕ ਪਹੁੰਚ ਕਰ ਸਕਦੇ ਹਨ ਅਤੇ 5 ਲੱਖ ਰੁਪਏ ਤੱਕ ਦੀਆਂ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਚੰਨੀ ਸਰਕਾਰ ਨੇ 29 ਦਸੰਬਰ 2021 ਨੂੰ ਐੱਸਬੀਆਈ ਜਨਰਲ ਇੰਸ਼ੋਰੈਂਸ ਨਾਲ ਪੁਰਾਣਾ ਇਕਰਾਰਨਾਮਾ ਖਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਕੋਈ ਨਵਾਂ ਕਰਾਰ ਵੀ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਾਈਵੇਟ ਹਸਪਤਾਲ ਆਯੁਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਜਾਂ ਦਾਖਲਾ ਨਹੀਂ ਕਰ ਰਹੇ ਹਨ, ਕਿਉਂਕਿ ਬੀਮਾ ਕੰਪਨੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਬਣਦੇ ਹੀ ਸਿਹਤ ਸੇਵਾਵਾਂ ਨਾਲ ਸਬੰਧਤ ਆਪਣੀ ਦੂਜੀ ਗਾਰੰਟੀ ਨੂੰ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਹਤ ਸਿਸਟਮ ’ਚ ਸੁਧਾਰ ਦੀ ਲੋੜ ਹੈ ਅਤੇ ਸਿਰਫ ‘ਆਪ’ ਹੀ ਅਜਿਹਾ ਕਰਨ ਦੇ ਸਮਰੱਥ ਹੈ, ਜਿਵੇਂ ਇਸ ਨੇ ਦਿੱਲੀ ਵਿੱਚ ਕੀਤਾ ਹੈ।