ਪਵਨ ਗੋਇਲ
ਭੁੱਚੋ ਮੰਡੀ, 5 ਫਰਵਰੀ
ਸੀਨੀਅਰ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਸਰਕਾਰ ਪੰਜ ਸਾਲ ਦੇ ਰਾਜਕਾਲ ਦੌਰਾਨ ਘਰ-ਘਰ ਨੌਕਰੀ ਦੇਣ ਦਾ ਵਾਅਦਾ ਤਾਂ ਪੂਰਾ ਨਹੀਂ ਕਰ ਸਕੀ ਪਰ ਘਰ-ਘਰ ਨਸ਼ਾ ਜ਼ਰੂਰ ਪਹੁੰਚਾ ਦਿੱਤਾ। ਕਾਂਗਰਸ ਦੇ ਰਾਜ ਵਿੱਚ ਪੰਜਾਬ ਦਾ ਘੱਟ ਅਤੇ ਕਾਂਗਰਸੀ ਆਗੂਆਂ ਦਾ ਵਿਕਾਸ ਜ਼ਿਆਦਾ ਹੋਇਆ ਹੈ। ਇਸ ਦੀ ਮਿਸਾਲ ਆਪਣੇ ਆਪ ਨੂੰ ਗਰੀਬ ਦੱਸਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰੋਂ ਕਰੋੜਾਂ ਰੁਪਏ ਬਰਾਮਦ ਹੋਣ ਤੋਂ ਮਿਲਦੀ ਹੈ।
ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਸ਼ਰਾਬ ਪੀਤੀ ਹੋਣ ਕਾਰਨ ਲੋਕਾ ਸਭਾ ਸੈਸ਼ਨ ’ਚੋਂ ਕੁਝ ਸਮੇਂ ਲਈ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਇਸ ਝੂਠੇ ਵਿਅਕਤੀ ਦੇ ਪਿੱਛੇ ਲੱਗ ਕੇ ਪੰਜਾਬ ਦਾ ਭਵਿੱਖ ਬਰਬਾਦ ਨਾ ਕਰਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਗਸੀਰ ਸਿੰਘ ਕਲਿਆਣ, ਡਾ. ਅਮਰਜੀਤ ਕੌਰ ਕੋਟਫੱਤਾ, ਸੂਬਾਈ ਜਨਰਲ ਸਕੱਤਰ ਮੋਹਿਤ ਗੁਪਤਾ, ਗੁਰਲਾਭ ਸਿੰਘ ਢੇਲਵਾਂ ਤੇ ਹੋਰ ਅਕਾਲੀ ਦਲ ਤੇ ਬਸਪਾ ਦੇ ਆਗੂ ਹਾਜ਼ਰ ਸਨ।
ਹਰਸਿਮਰਤ ਵੱਲੋਂ ਬਾਦਲ ਨੂੰ ਜਿਤਾਉਣ ਦੀ ਅਪੀਲ
ਲੰਬੀ (ਇਕਬਾਲ ਸਿੰਘ ਸ਼ਾਂਤ): ਲੰਬੀ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦੇ ਮੈਡੀਕਲ ਜਾਂਚ ਲਈ ਚੰਡੀਗੜ੍ਹ ਜਾਣ ’ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੋਂ ਪਿੰਡ ਧੌਲਾ ਤੇ ਥਰਾਜਵਾਲਾ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੂੰ ਛੇਵੀਂ ਵਾਰ ਵੱਡੇ ਫ਼ਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪਣੀ ਸਾਰੀ ਉਮਰ ਲੋਕ ਸੇਵਾ ’ਚ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਸਰਕਾਰ ਉਹ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰੇਗੀ, ਜੋ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਕਰੋਨਾ ਕਾਲ ’ਚ ਨਾ ਤਾਂ ਪੀਣ ਵਾਲਾ ਸਾਫ ਪਾਣੀ ਮਿਲਿਆ ਤੇ ਨਾ ਹੀ ਬੁਨਿਆਦੀ ਸਹੂਲਤਾਂ ਮਿਲੀਆਂ। ਅਕਾਲੀ ਆਗੂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਖੁਦ ਅਮੀਰ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਚੰਨੀ ਦੇ ਰਿਸ਼ਤੇਦਾਰ ਕੋਲੋਂ ਬਰਾਮਦ ਹੋਏ 11 ਕਰੋੜ ਰੁਪਏ ਦੇ ਮਾਮਲੇ ’ਚ ਚੰਨੀ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੀ ਮੰਗ ਕੀਤੀ।